ਪੰਜਾਬ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 4 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ। ਕਿਸਾਨ-ਮਜ਼ਦੂਰ ਸੰਘਰਸ਼ ਸਮਿਤੀ ਪੰਜਾਬ ‘ਚ ਸੱਤ ਥਾਵਾਂ ‘ਤੇ ਰੇਲ ਪਟੜੀਆਂ ‘ਤੇ ਧਰਨੇ ‘ਤੇ ਸੀ। ਇਹੀ ਕਾਰਨ ਸੀ ਕਿ ਪੰਜਾਬ ਵਿੱਚੋਂ ਲੰਘਣ ਵਾਲੀਆਂ ਸੈਂਕੜੇ ਟਰੇਨਾਂ ਪ੍ਰਭਾਵਿਤ ਹੋਈਆਂ। ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਨਰਾਜ਼ਗੀ ਕੁਝ ਸਮੇਂ ਲਈ ਟਲ ਗਈ ਹੈ। ਦੱਸ ਦਈਏ ਕਿ 8 ਦਿਨਾਂ ਬਾਅਦ ਕਿਸਾਨਾਂ ਨੇ ਸ਼ਾਮ 4 ਵਜੇ ਰੇਲ ਪਟੜੀ ਖਾਲੀ ਕਰ ਦਿੱਤੀਆਂ।
ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਧਰਨੇ ਕਾਰਨ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗੀ। ਮੀਟਿੰਗ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਬਹੁਤੀਆਂ ਮੰਗਾਂ ਚੰਨੀ ਸਰਕਾਰ ਵੱਲ਼ੋਂ ਮੰਨ ਲਈਆਂ ਗਈਆਂ ਹਨ। ਬਾਸਮਤੀ ਦਾ ਮੁਆਵਜ਼ਾ 12 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇਗਾ। 5 ਏਕੜ ਤੱਕ ਦੀ ਜ਼ਮੀਨ ਵਾਲੇ ਲੋਕਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸ਼ਹੀਦ ਪਰਿਵਾਰਾਂ ਨਾਲ ਕੀਤੇ ਵਾਅਦੇ ਵੀ ਪੂਰੇ ਕੀਤੇ ਜਾਣਗੇ।