ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੁੱਧਵਾਰ ਨੂੰ ਕਾਂਗਰਸ ਵਾਰ ਰੂਮ ਵਿੱਚ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਸਨ।
ਇਸ ਮੀਟਿੰਗ ਤੋਂ ਬਾਅਦ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੈ ਮਾਕਨ ਨੇ ਕਿਹਾ, “ਪੰਜਾਬ ਵਿਧਾਨ ਸਭਾ ਦੀਆਂ ਜ਼ਿਆਦਾਤਰ ਸੀਟਾਂ ‘ਤੇ ਚਰਚਾ ਹੋ ਚੁੱਕੀ ਹੈ। ਪਾਰਟੀ ਚੰਗੇ ਉਮੀਦਵਾਰ ਚੋਣਾਂ ਵਿੱਚ ਉਤਾਰੇਗੀ। ਇਸ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਜਿੱਤਣ ਦੀ ਸੰਭਾਵਨਾ, ਪਰਿਵਾਰ ਵਿੱਚ ਸਿੰਗਲ ਟਿਕਟ, ਸੀਨੀਅਰ ਨੇਤਾਵਾਂ ਨੂੰ ਉਨ੍ਹਾਂ ਸੀਟਾਂ ਤੋਂ ਮੈਦਾਨ ਵਿੱਚ ਉਤਾਰਿਆ ਜਾਵੇਗਾ, ਜੋ ਉਹ ਪਹਿਲਾਂ ਜਿੱਤ ਚੁੱਕੇ ਹਨ, ਆਦਿ। ਅੱਜ ਇਨ੍ਹਾਂ ਸੀਟਾਂ ‘ਤੇ ਚਰਚਾ ਹੋਈ ਪਰ ਅੰਤਿਮ ਸੂਚੀ ਸੋਨੀਆ ਗਾਂਧੀ ਦੀ ਅਗਵਾਈ ਵਾਲੇ ਸੀਈਸੀ ਦੁਆਰਾ ਜਾਰੀ ਕੀਤੀ ਜਾਵੇਗੀ।
ਸੂਤਰਾਂ ਅਨੁਸਾਰ ਇਸ ਵਾਰ ਕਾਂਗਰਸ ਪਾਰਟੀ 60 ਦੇ ਕਰੀਬ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚੋਂ 17 ਅਜਿਹੇ ਵਿਧਾਇਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਟਿਕਟ ਸ਼ੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ। ਤਿੰਨ ਵਿਧਾਇਕ ਪਹਿਲਾਂ ਹੀ ਕੈਪਟਨ ਦਾ ਸਾਥ ਛੱਡ ਚੁੱਕੇ ਹਨ, ਪਾਰਟੀ ਦੇ ਸੀਨੀਅਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ। ਉਮੀਦ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਕਾਂਗਰਸ ਪਾਰਟੀ ਪੰਜਾਬ ਬਾਰੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਬੁਲਾ ਕੇ ਪਹਿਲੀ ਸੂਚੀ ’ਤੇ ਅੰਤਿਮ ਮੋਹਰ ਲਾਵੇਗੀ।