ਰਾਸ਼ਟਰਪਿਤਾ ਮਹਾਤਮਾ ਗਾਂਧੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਸੰਤ ਕਾਲੀਚਰਨ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਹਿਲਾਂ ਉਹ ਫਰਾਰ ਦੱਸਿਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਸੰਤ ਕਾਲੀਚਰਨ ਨੂੰ ਰਾਏਪੁਰ ਪੁਲਿਸ ਨੇ ਖਜੂਰਾਹੋ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕਾਲੀਚਰਨ ਮਹਾਰਾਜ ਦੇ ਖਿਲਾਫ ਰਾਏਪੁਰ ਦੇ ਦੋ ਥਾਣਿਆਂ ‘ਚ ਮਾਮਲਾ ਦਰਜ ਹੈ। ਉਦੋਂ ਤੋਂ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
ਰਾਏਪੁਰ ਦੇ ਏਐਸਪੀ ਅਭਿਸ਼ੇਕ ਮਹੇਸ਼ਵਰੀ ਨੇ ਦੱਸਿਆ ਕਿ ਰਾਏਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਖਜੂਰਾਹੋ ਦੇ ਇੱਕ ਹੋਟਲ ਵਿੱਚ ਹਨ। ਉਸ ਨੇ ਆਪਣੇ ਸਾਰੇ ਮੋਬਾਈਲ ਬੰਦ ਕਰ ਦਿੱਤੇ ਸਨ। ਦੇਰ ਰਾਤ ਸਾਢੇ ਚਾਰ ਵਜੇ ਪੁਲਿਸ ਨੇ ਹੋਟਲ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਕਾਲੀਚਰਨ ਮਹਾਰਾਜ ਨੂੰ ਸੜਕ ਰਾਹੀਂ ਰਾਏਪੁਰ ਲਿਆਂਦਾ ਜਾ ਰਿਹਾ ਹੈ। ਪੁਲਸ ਸ਼ਾਮ 5 ਵਜੇ ਤੱਕ ਰਾਏਪੁਰ ਪਹੁੰਚ ਸਕਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਰਾਏਪੁਰ ‘ਚ ਆਯੋਜਿਤ ਧਰਮ ਸੰਸਦ ‘ਚ ਕਾਲੀਚਰਨ ਮਹਾਰਾਜ ਨੇ ਮਹਾਤਮਾ ਗਾਂਧੀ ਬਾਰੇ ਅਪਮਾਨਜਨਕ ਸ਼ਬਦ ਕਹੇ ਸਨ। ਉਸ ਨੇ ਕਿਹਾ ਸੀ ਕਿ ਇਸਲਾਮ ਦਾ ਟੀਚਾ ਰਾਜਨੀਤੀ ਰਾਹੀਂ ਰਾਸ਼ਟਰ ‘ਤੇ ਕਬਜ਼ਾ ਕਰਨਾ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਨੇ 1947 ਵਿੱਚ ਇਸ ਉੱਤੇ ਕਬਜ਼ਾ ਕਰ ਲਿਆ।