ਪੰਜ ਰਾਜਾਂ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪਾਰਟੀਆਂ ਵਿੱਚ ਨਿਯੁਕਤੀਆਂ ਤੇ ਤਬਦੀਲੀਆਂ ਦਾ ਦੌਰ ਜਾਰੀ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਨੇ ਅਲਕਾ ਲਾਂਬਾ ਨੂੰ ਪੰਜਾਬ ਕਾਂਗਰਸ ਦੀ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਜਦੋਂ ਤਕ ਪੰਜਾਬ ‘ਚ ਚੋਣਾਂ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤੱਕ ਅਲਕਾ ਲਾਂਬਾ ਚੋਣਾਂ ਨਾਲ ਜੁੜੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣਗੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅਲਕਾ ਲਾਂਬਾ ਦੀ ਨਿਯੁਕਤੀ ਨੂੰ ਲੈ ਕੇ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਹੋਵੇਗੀ। ਦੱਸਣਯੋਗ ਹੈ ਕਿ 2022 ‘ਚ ਪੰਜ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਮਨੀਪੁਰ, ਉਤਰਾਖੰਡ ਤੇ ਗੋਆ ‘ਚ ਚੋਣਾਂ ਹੋਣੀਆਂ ਹਨ।
ਦਸ ਦੇਈਏ ਕਿ ਅਲਕਾ ਲਾਂਬਾ ਦਿੱਲੀ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕ ਰਹਿ ਚੁੱਕੀ ਹੈ ਅਤੇ ਪਿਛਲੀਆਂ ਚੋਣਾਂ ਦੌਰਾਨ ‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਈ ਸੀ। ਉਹ ਚੋਣ ਵੀ ਹਾਰ ਗਈ ਸੀ। ਹੁਣ ਉਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਵਿਰੁੱਧ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ।