ਨਵੇਂ ਸਾਲ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ਹੈ। 1 ਜਨਵਰੀ 2022 ਤੋਂ ਕੱਪੜਿਆਂਤੇ GST ਦਰਾਂ ਵਿੱਚ ਫਿਲਹਾਲ ਵਾਧਾ ਨਹੀਂ ਹੋਵੇਗੀ।
ਨਵੀਂ ਦਿੱਲੀ ਵਿੱਚ ਹੋਈ ਵਸਤੂ ਤੇ ਸੇਵਾਵਾਂ ਕਰ (ਜੀਐੱਸਟੀ) ਕੌਂਸਲ ਦੀ 46ਵੀਂ ਮੀਟਿੰਗ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ। ਸੂਤਰਾਂ ਮੁਤਾਬਕ ਇਸ ਵਿੱਚ ਰਾਜਾਂ ਅਤੇ ਸਨਅਤਾਂ ਦੇ ਇਤਰਾਜ਼ ਬਾਅਦ ਕੱਪੜਿਆਂ ’ਤੇ ਜੀਐੱਸਟੀ 5 ਫੀਸਦ ਤੋਂ ਵਧਾ ਕੇ 12 ਫੀਸਦ ਕਰਨ ਦੇ ਫ਼ੈਸਲੇ ਨੂੰ ਟਾਲ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 1 ਜਨਵਰੀ 2022 ਤੋਂ ਟੈਕਸਟਾਈਲ ਉਤਪਾਦਾਂ ‘ਤੇ ਜੀਐੱਸਟੀ 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕੀਤਾ ਜਾਣਾ ਸੀ ਪਰ ਦੇਸ਼ ਦੀਆਂ ਜ਼ਿਆਦਾਤਰ ਰਾਜ ਸਰਕਾਰਾਂ ਟੈਕਸਟਾਈਲ ਸੈਕਟਰ ਅਤੇ ਫੁੱਟਵੀਅਰ ਇੰਡਸਟਰੀ ‘ਚ ਜੀਐੱਸਟੀ ਦਰ ਵਧਾਉਣ ਦਾ ਵਿਰੋਧ ਕਰ ਰਹੀਆਂ ਸਨ। ਅਜਿਹੇ ਵਿੱਚ ਜੀਐਸਟੀ ਕੌਂਸਲ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ। ਜੀਐਸਟੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲੈ ਕੇ ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਹੋਵੇਗੀ।
ਪਿਛਲੀ ਮੀਟਿੰਗ ਵਿੱਚ ਸਰਕਾਰ ਨੇ ਟੈਕਸ ਵਧਾਉਣ ਦਾ ਫੈਸਲਾ ਲਿਆ ਸੀ। ਇਸ ਨੂੰ 1 ਜਨਵਰੀ ਤੋਂ ਲਾਗੂ ਕੀਤਾ ਜਾਣਾ ਸੀ। ਪੱਛਮੀ ਬੰਗਾਲ ਦੇ ਸਾਬਕਾ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਕੇਂਦਰੀ ਵਿੱਤ ਮੰਤਰੀ ਨੂੰ ਟੈਕਸਟਾਈਲ ਵਿੱਚ ਪ੍ਰਸਤਾਵਿਤ ਵਾਧੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਤੇਲੰਗਾਨਾ ਦੇ ਉਦਯੋਗ ਮੰਤਰੀ ਕੇਟੀ ਰਾਮਾ ਰਾਓ ਨੇ ਵੀ ਇਸ ਦਾ ਵਿਰੋਧ ਕੀਤਾ।