ਲੁਧਿਆਣਾ ਵੱਸਦੇ ਗੁਰਬਾਣੀ ਸੰਗੀਤ ਮਾਰਤੰਡ ਪ੍ਰੋ ਕਰਤਾਰ ਸਿੰਘ ਜਿੰਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ, ਅੱਜ ਤੜਕਸਾਰ ਸਵਾ ਦੋ ਵਜੇ ਸਥਾਨਕ ਦਯਾ ਨੰਦ ਹਸਪਤਾਲ ਵਿਚ ਸੁਰਗਵਾਸ ਹੋ ਗਏ ਹਨ। ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ‘ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪ੍ਰੋ ਗੁਰਭਜਨ ਗਿੱਲ, ਡੀਐੱਮ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਪ੍ਰੋ ਕਰਕਾਰ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਤੇ ਗੁਲਦਸਤਿਆਂ ਸਮੇਤ ਦੋਸ਼ਾਲਾ ਪਾ ਕੇ ਸਨਮਾਨਿਤ ਕੀਤਾ ਸੀ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਭਾਰਤ ਸਰਕਾਰ ਵੱਲੋਂ ਭੇਜਿਆ ਪਦਮ ਸ਼੍ਰੀ ਚਿੰਨ੍ਹ ਤੇ ਸਨਮਾਨ ਹਸਪਤਾਲ ਪਹੁੰਚ ਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪੁਨੀਤ ਪਾਲ ਸਿੰਘ ਗਿੱਲ ਸਣੇ ਪਰਿਵਾਰ ਦੀ ਹਾਜ਼ਰੀ ਚ ਭੇਂਟ ਕੀਤਾ ਸੀ ਤੇ ਪੰਜਾਬ ਸਰਕਾਰ ਵੱਲੋਂ ਵੀ ਹਰ ਤਰ੍ਹਾਂ ਦੀ ਮਦਦ ਦਾ ਵੀ ਕਿਹਾ ਸੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਪ੍ਰੋ ਕਰਤਾਰ ਸਿੰਘ ਜੀ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।