ਮੌਸਮ ਵਿਭਾਗ ਵੱਲੋਂ ਕੜਾਕੇ ਦੀ ਠੰਢ ਵਿਚਕਾਰ ਕੁਝ ਸੂਬਿਆਂ ‘ਚ ਬਰਫ਼ਬਾਰੀ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨਵੇਂ ਸਾਲ ਦੇ ਪਹਿਲੇ ਹਫ਼ਤੇ ਤਾਪਮਾਨ ‘ਚ ਹੋਰ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਨੇ ਪੱਛਮੀ ਹਿਮਾਲੀਆਈ ਖੇਤਰ ‘ਚ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਦੱਖਣੀ ਭਾਰਤ ‘ਚ ਮੀਂਹ ਦਾ ਦੌਰ ਜਾਰੀ ਹੈ। ਅਗਲੇ 24 ਘੰਟਿਆਂ ਦੌਰਾਨ ਤਾਮਿਲਨਾਡੂ ਤੇ ਪੁਡੂਚੇਰੀ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਚੇਨਈ ‘ਚ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਜਿਹੇ ‘ਚ ਹੋਰ ਮੀਂਹ ਪੈਣ ਦੀ ਸੰਭਾਵਨਾ ਨੂੰ ਲੈ ਕੇ ਇੱਥੋਂ ਦੇ ਲੋਕ ਵੀ ਚਿੰਤਤ ਹਨ।
ਤਾਪਮਾਨ ‘ਤੇ ਨਜ਼ਰ ਰੱਖਣ ਵਾਲੀ ਇਕ ਨਿੱਜੀ ਕੰਪਨੀ ਮੁਤਾਬਕ ਪੱਛਮੀ ਹਿਮਾਲੀਆਈ ਖੇਤਰਾਂ ‘ਚ ਪੱਛਮੀ ਗੜਬੜੀ ਕਾਰਨ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਇਹ 3 ਜਨਵਰੀ ਤਕ ਜਾਰੀ ਰਹੇਗਾ ਤੇ ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਉੱਪਰਲੇ ਹਿੱਸਿਆਂ ‘ਚ ਹਲਕੀ ਬਾਰਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਉੱਤਰ-ਪੱਛਮੀ ਖੇਤਰ ‘ਚ ਵਿਖਾਈ ਦੇਵੇਗਾ। 4 ਤੋਂ 7 ਜਨਵਰੀ ਵਿਚਕਾਰ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ 5 ਤੋਂ 7 ਜਨਵਰੀ ਤਕ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।