ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਭਖ ਚੁੱਕਿਆ ਹੈ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਹਨ। ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਆਜ਼ਾਦ ਚੋਣ ਲੜਨਗੇ ਪਰ ਮਾਨਸਾ ਛੱਡ ਕੇ ਕਿਤੇ ਨਹੀਂ ਜਾਣਗੇ।
ਦੱਸ ਦਈਏ ਕਿ ਮਾਨਸਾ ‘ਚ ਟਕਸਾਲੀ ਕਾਂਗਰਸੀਆਂ ਵੱਲੋਂ ਮੂਸਵਾਲਾ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਜਵਾਬ ਵਿੱਚ ਬੀਤੇ ਦਿਨ ਸਿੱਧੂ ਮੂਸੇਵਾਲਾ ਨੇ ਇੱਕ ਸਟੇਜ ‘ਤੇ ਬੋਲਦੇ ਹੋਏ ਵਿਰੋਧੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਜੋ ਕਹਿ ਰਹੇ ਹਨ ਕਿ ਮੂਸੇਵਾਲਾ ਮਾਨਸਾ ਛੱਡ ਕੇ ਭੱਜ ਗਿਆ, ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਿੱਧੂ ਮੂਸੇਵਾਲਾ ਚੋਣ ਤਾਂ ਮਾਨਸਾ ਤੋਂ ਹੀ ਲੜੇਗਾ। ਭਾਵੇਂ ਕਾਂਗਰਸ ਟਿਕਟ ਦਿੰਦੀ ਹੈ ਜਾਂ ਨਹੀਂ। ਇਸ ਲਈ ਚਾਹੇ ਉਹ ਆਜ਼ਾਦ ਚੋਣ ਹੀ ਕਿਉਂ ਨਾ ਲੜਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ 3 ਦਸੰਬਰ ਨੂੰ ਨਵਜੋਤ ਸਿੱਧੂ ਤੇ ਸੀਐਮ ਚਰਨਜੀਤ ਚੰਨੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਸੀ ਤੇ ਲੋਕਾਂ ਦੀ ਭਲਾਈ ਦੇ ਕੰਮ ਕਰਨ ਦਾ ਵਾਅਦਾ ਕੀਤਾ ਸੀ।