ਕੀ ਤੁਸੀਂ ਪੇਮੈਂਟ ਐਪ ਜਾਂ Google ‘ਤੇ ਆਪਣੇ ਡੈਬਿਟ ਤੇ ਕ੍ਰੈਡਿਟ ਕਾਰਡ ਦੇ ਵੇਰਵਿਆਂ ਨੂੰ ਸੇਵ ਕਰਦੇ ਹੋ? ਜੇਕਰ ਹਾਂ, ਤਾਂ ਇਹ ਤੁਹਾਡੇ ਲਈ ਮਹੱਤਵਪੂਰਨ ਜਾਣਕਾਰੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਸਬੰਧ ਵਿਚ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਨਵੇਂ ਨਿਰਦੇਸ਼ ਅਨੁਸਾਰ, ਕੋਈ ਵੀ ਮਰਚੈਂਟ ਜਾਂ ਪੇਮੈਂਟ ਐਪ ਆਪਣੇ ਪਲੇਟਫਾਰਮ ‘ਤੇ ਗਾਹਕਾਂ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਵੇਰਵੇ ਸਟੋਰ ਨਹੀਂ ਕਰ ਸਕਦਾ। ਜੇਕਰ ਕੋਈ ਡਿਟੇਲ ਸਟੋਰ ਹੈ ਤਾਂ ਉਸ ਨੂੰ ਤੁਰੰਤ ਹਟਾਉਣਾ ਪਵੇਗਾ। ਰਿਜ਼ਰਵ ਬੈਂਕ ਨੇ ਇਸ ਦੇ ਲਈ 30 ਜੂਨ, 2022 ਦੀ ਡੈੱਡਲਾਈਨ ਤੈਅ ਕੀਤੀ ਹੈ। ਇਸ ਮਿਤੀ ਤਕ ਸਾਰੇ ਵਪਾਰੀ ਜਾਂ ਪੇਮੈਂਟ ਐਪਸ ਨੂੰ ਕਾਰਡ ਨਾਲ ਸਬੰਧਤ ਵੇਰਵੇ ਡਿਲੀਟ ਕਰਨੇ ਪੈਣਗੇ। ਇਹ ਤੁਹਾਡੇ ਲਈ ਵੀ ਹੈ ਕਿ 30 ਜੂਨ ਤਕ ਗੂਗਲ ਆਦਿ ‘ਤੇ ਕਾਰਡ ਸਬੰਧੀ ਡਿਟੇਲ ਹਟਾ ਦਿਉ।
ਗੂਗਲ ਪੇਅ ਨੇ ਆਪਣੇ ਪੇਜ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਗੂਗਲ ਪੇ ਦਾ ਕਹਿਣਾ ਹੈ ਕਿ ਗਾਹਕ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਉਸ ਦੇ ਕਾਰਡ ਦੇ ਵੇਰਵੇ ਸੇਵ ਕੀਤੇ ਜਾਣਗੇ। ਗੂਗਲ ਪੇ ਨੇ ਗਾਹਕਾਂ ਦੀ ਡਿਟੇਲ ਨੂੰ ਬੇਹੱਦ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦਾ ਵਾਅਦਾ ਕੀਤਾ ਹੈ। ਗੂਗਲ ਪੇਅ ਨੇ ਅੱਗੇ ਕਿਹਾ, ਰਿਜ਼ਰਵ ਬੈਂਕ ਦੇ ਕਾਰਡ ਸਟੋਰੇਜ ਰੈਗੂਲੇਸ਼ਨ ਦੇ ਮੱਦੇਨਜ਼ਰ ਗੂਗਲ ਹੁਣ ਆਪਣੇ ਗਾਹਕਾਂ ਦੇ ਕਾਰਡ ਵੇਰਵੇ ਜਿਵੇਂ ਕਿ ਕਾਰਡ ਨੰਬਰ, ਮਿਆਦ ਪੁੱਗਣ ਦੀ ਮਿਤੀ ਆਦਿ ਨੂੰ ਸਟੋਰ ਨਹੀਂ ਕਰਦਾ ਹੈ। ਹਾਲਾਂਕਿ, ਜੇਕਰ ਗਾਹਕ ਇਜਾਜ਼ਤ ਦਿੰਦੇ ਹਨ ਤਾਂ RBI ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੀ ਡਿਟੇਲ ਨੂੰ ਸੇਵ ਕੀਤਾ ਜਾ ਸਕਦਾ ਹੈ।