ਮੁੱਲਾਂਪੁਰ ਦਾਖਾ ਦੇ ਰੇਲਵੇ ਕੁਆਰਟਰਾਂ ‘ਚੋਂ ਚਾਰ ਪਰਿਵਾਰਕ ਮੈਂਬਰਾਂ ਦੀ ਭੇਤਭਰੇ ਹਾਲਾਤ ਵਿੱਚ ਲਾਸ਼ਾਂ ਮਿਲੀਆਂ ਹਨ। ਖਬਰ ਫੈਲਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਰੇਲਵੇ ਸਟੇਸ਼ਨ ਨੇੜੇ ਕੁਆਟਰਾਂ ਵਿੱਚ ਅੱਜ ਇੱਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਇਸ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕਾਂ ਵਿੱਚ ਪਤੀ-ਪਤਨੀ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਤੇ ਸਹੁਰਾ ਸ਼ਾਮਲ ਹੈ। ਬੱਚੇ ਦੀ ਉਮਰ ਦੋ ਸਾਲ ਦੇ ਕਰੀਬ ਹੈ ਜਦੋਂਕਿ ਪਤਨੀ ਜਯੋਤੀ 26 ਸਾਲ, ਪਤੀ ਜਗਦੀਪ 27 ਸਾਲ ਤੇ ਸਹੁਰਾ ਸੁਖਦੇਵ 56 ਸਾਲ ਸ਼ਾਮਲ ਹਨ।
ਪੁਲਿਸ ਮੁਤਾਬਕ ਚਾਰੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਕਮਰੇ ਵਿੱਚੋਂ ਬਰਾਮਦ ਹੋਈਆਂ ਹਨ। ਨੇੜਲੇ ਗੁਆਂਢੀਆਂ ਨੂੰ ਸਵੇਰੇ ਹੀ ਪਤਾ ਲੱਗਾ ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਵੀ ਉਨ੍ਹਾਂ ਦੀ ਫੋਨ ਤੇ ਗੱਲ ਹੋਈ ਸੀ ਪਰ ਅਜਿਹਾ ਕੁਝ ਨਹੀਂ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਚਾਰੇ ਮੈਂਬਰਾਂ ਦੀਆਂ ਲਾਸ਼ਾਂ ਘਰ ਵਿੱਚ ਬਰਾਮਦ ਹੋਈਆਂ ਹਨ ਤਾਂ ਜਦੋਂ ਉਹ ਪਹੁੰਚੇ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ।