ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ- ਸੰਯੁਕਤ ਦੇ ਨਾਲ ਗੱਠਜੋੜ ਦੇਸ਼ ਅਤੇ ਸੂਬੇ ਦੇ ਹਿੱਤ ਵਿੱਚ ਹੈ।
ਇੱਥੇ ਸੀਨੀਅਰ ਕਾਂਗਰਸੀ ਆਗੂ ਰਾਜ ਨੰਬਰਦਾਰ ਨੂੰ ਪਾਰਟੀ ਚ ਸ਼ਾਮਲ ਕਰਨ ਤੋਂ ਬਾਅਦ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਕਈ ਚੁਣੌਤੀਆਂ, ਖਾਸ ਤੌਰ ਤੇ ਸੁਰੱਖਿਆ ਅਤੇ ਆਰਥਿਕ ਫਰੰਟ ਤੇ, ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਭਾਜਪਾ ਹੀ ਇਕੋਮਾਤਰ ਪਾਰਟੀ ਹੈ, ਜਿਹੜੀ ਇਨ੍ਹਾਂ ਮੁੱਦਿਆਂ ਤੇ ਧਿਆਨ ਰੱਖ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੱਲ੍ਹ ਫਿਰੋਜ਼ਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਕੇ ਖੁਸ਼ੀ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਹ ਲੰਬੇ ਵਕਤ ਤੋਂ ਜਾਣਦੇ ਹਨ, ਜਿਹੜੇ ਪੰਜਾਬ ਅਤੇ ਪੰਜਾਬੀਆਂ ਬਾਰੇ ਚਿੰਤਤ ਹਨ ਤੇ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਆਉਂਦੀਆਂ ਚੋਣਾਂ ਦੌਰਾਨ ਗੱਠਜੋੜ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟ ਕਰਨ ਵੇਲੇ ਉਹ ਸੂਬੇ, ਦੇਸ਼ ਅਤੇ ਆਪਣੇ ਇਲਾਕੇ ਦੇ ਹਿੱਤਾਂ ਨੂੰ ਧਿਆਨ ਚ ਰੱਖਣ।