ਦੋ ਮਹੀਨਿਆਂ ਦੀ ਉਡੀਕ ਪਿੱਛੋਂ ਮੰਗਲਵਾਰ ਨੂੰ ਗਡ਼ਬਡ਼ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਪੰਜਾਬ ’ਚ ਕਈ ਥਾਈਂ ਰੁਕ-ਰੁਕ ਕੇ ਬਾਰਿਸ਼ ਹੋਈ। ਇਹ ਬਾਰਿਸ਼ ਕਣਕ, ਸਬਜ਼ੀਆਂ ਤੇ ਹੋਰ ਫ਼ਸਲਾਂ ਲਈ ਫ਼ਾਇਦੇਮੰਦ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨਾਲ ਸੁੱਕੀ ਠੰਢ ਤੋਂ ਵੀ ਰਾਹਤ ਮਿਲੇਗੀ। ਬਾਰਿਸ਼ ਕਾਰਨ ਸੂਬੇ ’ਚ ਠੰਢ ਵੱਧ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਠ ਜਨਵਰੀ ਤਕ ਸੂਬੇ ’ਚ ਕਿਤੇ ਸਾਧਾਰਨ ਬਾਰਿਸ਼ ਹੋਵੇਗੀ ਤੇ ਕਿਤੇ ਭਾਰੀ। ਕਿਤੇ-ਕਿਤੇ ਗਡ਼ੇ ਪੈਣ ਦੀ ਵੀ ਸੰਭਾਵਨਾ ਹੈ। ਬਾਰਿਸ਼ ਕਾਰਨ ਹਵਾ ’ਚ ਤੈਰ ਰਹੇ ਪ੍ਰਦੂਸ਼ਣ ਵਧਾਉਣ ਵਾਲੇ ਕਣ ਜ਼ਮੀਨ ’ਤੇ ਆ ਜਾਣਗੇ ਜਿਸ ਨਾਲ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ।
ਧੁੰਦ ਕਾਰਨ ਫ਼ਸਲ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਵੀ ਖ਼ਤਮ ਹੋ ਜਾਣਗੇ। ਜੇਕਰ ਭਾਰੀ ਮੀਂਹ ਪੈਂਦਾ ਹੈ ਅਤੇ ਗੜੇ ਪੈਂਦੇ ਹਨ ਤਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਬਿਲਕੁਲ ਵੀ ਸਿੰਚਾਈ ਅਤੇ ਸਪਰੇਅ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਰਸਾਤ ਵਾਤਾਵਰਨ ਲਈ ਬਹੁਤ ਲਾਹੇਵੰਦ ਹੈ। ਹਵਾ ‘ਚ ਤੈਰਦੇ ਹੋਏ ਪ੍ਰਦੂਸ਼ਿਤ ਕਣ ਮੀਂਹ ਕਾਰਨ ਜ਼ਮੀਨ ‘ਤੇ ਆ ਜਾਣਗੇ, ਜਿਸ ਨਾਲ ਧੂੰਆਂ ਖਤਮ ਹੋ ਜਾਵੇਗਾ। ਅਜਿਹੇ ‘ਚ ਏਅਰ ਕੁਆਲਿਟੀ ਇੰਡੈਕਸ ‘ਚ ਕਾਫੀ ਸੁਧਾਰ ਹੋਵੇਗਾ।