ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਹਿਮਾਚਲ ਪ੍ਰਦੇਸ਼ ’ਚ ਵੀ ਨਾਈਟ ਕਰਫਿਊ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਬਾਬਤ ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤੀ। ਬੈਠਕ ’ਚ ਸੂਬੇ ’ਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸਮੀਖਿਆ ਕੀਤੀ ਗਈ। ਇਸ ਬੈਠਕ ’ਚ ਕੈਬਨਿਟ ਨੇ ਪ੍ਰਦੇਸ਼ ਵਿਚ ਨਾਈਟ ਕਰਫਿਊ ਲਾਉਣ ਦਾ ਫ਼ੈਸਲਾ ਲਿਆ।
ਇਸ ਤੋਂ ਇਲਾਵਾ ਇਨਡੋਰ ਸਮਾਰੋਹਾਂ ’ਚ 50 ਫ਼ੀਸਦੀ ਸਮਰੱਥਾ ਨਾਲ ਹੀ ਲੋਕ ਇਕੱਠੇ ਹੋ ਸਕਣਗੇ। ਕੈਬਨਿਟ ਨੇ ਜਿਮ ਅਤੇ ਸਿਨੇਮਾ ਹਾਲ ਵੀ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਇਨਡੋਰ ਸਪੋਰਟਸ ਕੰਪਲੈਕਸ, ਸਿਨੇਮਾ ਹਾਲ, ਮਲਟੀਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿਮ ਬੰਦ ਕਰਨ ਤੋਂ ਇਲਾਵਾ ਪੂਰੇ ਸੂਬੇ ਵਿਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਆਹ, ਬੈਂਕਵੇਟ ਹਾਲ ’ਚ 50 ਫ਼ੀਸਦੀ ਸਮਰੱਥਾ ਨਾਲ ਲੋਕਾਂ ਨੂੰ ਇਕੱਠਾ ਹੋਣ ਦੀ ਆਗਿਆ ਹੋਵੇਗੀ।