ਅਦਾਕਾਰ ਅਤੇ ਵਿਸ਼ਵ ਪੱਧਰ ’ਤੇ ਸਮਾਜ ਸੇਵੀ ਕਾਰਜਾਂ ਕਰ ਕੇ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਸੋਨੂੰ ਸੂਦ ਦਾ ਪਰਿਵਾਰ ਲੰਮੀ ਜੱਕੋ-ਤੱਕੀ ਮਗਰੋਂ ਆਖਿਰਕਾਰ ਕਾਂਗਰਸ ਪਾਰਟੀ ਦਾ ‘ਪੱਲਾ’ ਫੜੇਗਾ। ਦੱਸਣਾ ਬਣਦਾ ਹੈ ਕਿ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵਿਧਾਨ ਸਭਾ ਹਲਕਾ ਮੋਗਾ ਅੰਦਰ ਕੋਰੋਨਾ ਕਾਲ ਤੋਂ ਸਮਾਜ ਸੇਵਾ ਕਰ ਰਹੇ ਸਨ ਅਤੇ ਇਸ ਮਗਰੋਂ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਮੋਗਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਕਿਸੇ ਵੀ ਸਿਆਸੀ ਧਿਰ ਦਾ ਹਿੱਸਾ ਬਣਨ ਲਈ ਆਪਣੇ ਸਿਆਸੀ ‘ਪੱਤੇ’ ਨਹੀਂ ਖੋਲ੍ਹੇ ਸਨ।
ਅੱਜ ਸ਼ਾਮ ਵੇਲੇ ਸੂਬਾ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਜਿਉਂ ਹੀ ਚੋਣ ਕਮਿਸ਼ਨਰ ਵੱਲੋਂ ਕੀਤਾ ਗਿਆ ਤਾਂ ਐਨ ਉਸੇ ਸਮੇਂ ਸੋਸ਼ਲ ਮੀਡੀਆਂ ’ਤੇ ਸੂਦ ਪਰਿਵਾਰ ਦੇ ਨੇੜਲੇ ਤੇ ਕਾਂਗਰਸੀ ਆਗੂਆਂ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੀਆਂ ਪੋਸਟਾਂ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਦੇ ਹੋਏ ਕਾਂਗਰਸ ਪਾਰਟੀ ਜੁਆਇਨ ਕਰ ਲਈ।