ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਦੇ ਕੋਵਿਡ-19 ਦੇ ਟੀਕਾਕਰਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹਟਾ ਦਿੱਤੀ ਜਾਵੇਗੀ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤੇ ਵਾਲੇ ਰਾਜਾਂ ਵਿਚ ਸ਼ਨੀਵਾਰ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਨ੍ਹਾਂ 5 ਸੂਬਿਆਂ ‘ਚ ਕੋਵਿਡ-19 ਵੈਕਸੀਨ ਦੇ ਸਰਟੀਫਿਕੇਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨਹੀਂ ਹੋਵੇਗੀ। ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹੁਣ ਸਿਹਤ ਮੰਤਰਾਲੇ ਦੁਆਰਾ ਕੋਵਿਨ ਐਪ ਤੋਂ ਫਿਲਟਰ ਲਗਾ ਕੇ ਪੀਐਮ ਮੋਦੀ ਦੀ ਫੋਟੋ ਨੂੰ ਹਟਾ ਦਿੱਤਾ ਜਾਵੇਗਾ।
ਚੋਣ ਕਮਿਸ਼ਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਉੱਤਰਾਖੰਡ, ਪੰਜਾਬ, ਯੂਪੀ, ਮਨੀਪੁਰ ਅਤੇ ਗੋਆ ਵਿਚ 10 ਫਰਵਰੀ ਤੋਂ 7 ਮਾਰਚ ਦੇ ਵਿਚਕਾਰ ਚੋਣਾਂ ਕਰਵਾਈਆਂ ਜਾਣਗੀਆਂ। ਇਹ ਚੋਣਾਂ ਸੱਤ ਪੜਾਵਾਂ ਵਿਚ ਕਰਵਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ਦੇ ਐਲਾਨ ਨਾਲ ਹੀ ਇਨ੍ਹਾਂ ਪੰਜ ਰਾਜਾਂ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਅਜਿਹੇ ਵਿਚ ਹੁਣ ਕੋਵਿਡ-19 ਵੈਕਸੀਨ ਦੇ ਸਰਟੀਫਿਕੇਟ ਤੋਂ ਪੀਐਮ ਮੋਦੀ ਦੀ ਫੋਟੋ ਹਟਾ ਦਿੱਤੀ ਜਾਵੇਗੀ। ਕਿਉਂਕਿ ਚੋਣਾਂ ਦੇ ਐਲਾਨ ਨਾਲ ਹੀ ਸਰਕਾਰ, ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਲਈ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।