ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਵਿਕਾਸ ਮੰਚ ਸੇਵਾ ਟਰੱਸਟ ਯੂਕੇ ਦੇ ਪੰਜਾਬੀ ਭਾਈਚਾਰੇ ਨੇ ਟਾਟਾ ਗਰੁੱਪ ਅਧੀਨ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀ ਉਡਾਣ ਨੂੰ 27 ਮਾਰਚ ਤੋਂ ਹਫ਼ਤੇ ‘ਚ ਇਕ ਦਿਨ ਤੋਂ ਵਧਾ ਕੇ ਤਿੰਨ ਉਡਾਣਾਂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ (ਯੂਐਸਏ) ਤੇ ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ‘ਚ ਕਿਹਾ ਕਿ ਕਰੋਨਾ ਮਹਾਮਾਰੀ ਤੇ ਰੈਗੂਲਰ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਦੇ ਵਿਚਕਾਰ ਇਸ ਪ੍ਰਸਿੱਧ ਉਡਾਣ ਦੀ ਗਿਣਤੀ ‘ਚ ਵਾਧਾ ਯੂਕੇ ‘ਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਲਈ ਚੰਗੀ ਖ਼ਬਰ ਲੈ ਕੇ ਆਇਆ ਹੈ।
ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਤਾਜ਼ਾ ਸਮਾਂਸੂਚੀ ਅਨੁਸਾਰ ਏਅਰ ਇੰਡੀਆ ਦੀ ਉਡਾਣ ਏਆਈ 170 ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਲੰਡਨ ਹੀਥਰੋ ਤੋਂ ਉਡਾਣ ਭਰੇਗੀ ਅਤੇ ਅੰਮ੍ਰਿਤਸਰ ਤੋਂ ਉਡਾਣ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਰਵਾਨਾ ਹੋਵੇਗੀ। ਏਅਰ ਇੰਡੀਆ ਇਸ ਰੂਟ ‘ਤੇ 256 ਸੀਟਾਂ ਵਾਲਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਚਲਾਉਂਦੀ ਹੈ ਜਿਸ ‘ਚ 238 ਇਕੋਨੋਮੀ ਅਤੇ 18 ਬਿਜ਼ਨਸ ਕਲਾਸ ਸੀਟਾਂ ਹਨ।