ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਹਾਦਸਾ ਵਾਪਰਨ ਸਮੇਂ ਕਾਰ ‘ਚ ਉਨ੍ਹਾਂ ਦੀ ਇੱਕ ਮਹਿਲਾ ਦੋਸਤ ਵੀ ਸੀ। ਫਿਲਹਾਲ ਉਹ ਹਸਪਤਾਲ ‘ਚ ਹੈ ਤੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਕਰੀਬ ਸਾਢੇ 9 ਵਜੇ ਵਾਪਰਿਆ। ਹਾਦਸੇ ਤੋਂ ਬਾਅਦ ਪੁਲਿਸ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ। ਪੁਲਿਸ ਉਸ ਦੀ ਮਹਿਲਾ ਦੋਸਤ ਤੋਂ ਪੁੱਛਗਿੱਛ ਵੀ ਕਰ ਰਹੀ ਹੈ।
ਪੁਲਿਸ ਮੁਤਾਬਕ ਦੀਪ ਸਿੱਧੂ ਦੀ ਐਨਆਰਆਈ ਦੋਸਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਿੱਧੂ ਦੀ ਅੱਖ ਲੱਗ ਗਈ ਸੀ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੀਪ ਸਿੱਧੂ ਦੀ ਕਾਰ ਕਰੀਬ 20 ਤੋਂ 30 ਮੀਟਰ ਤੱਕ ਘੜੀਸਦੀ ਚਲੀ ਗਈ। ਇਸ ਨਾਲ ਸਕਾਰਪੀਓ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।
ਪੁਲਿਸ ਅਨੁਸਾਰ ਹਾਦਸੇ ਸਮੇਂ 22 ਟਾਇਰਾਂ ਵਾਲਾ ਟਰੱਕ ਸੜਕ ਕੰਢੇ ਖੜ੍ਹਾ ਨਹੀਂ ਸੀ, ਸਗੋਂ ਕੇਐਮਪੀ ‘ਤੇ ਚੱਲ ਰਿਹਾ ਸੀ। ਪਿੱਛਿਓਂ ਤੇਜ਼ ਰਫ਼ਤਾਰ ਨਾਲ ਆ ਰਹੀ ਸਕਾਰਪੀਓ 22 ਟਾਇਰਾਂ ਵਾਲੇ ਟਰਾਲੇ ‘ਚ ਜਾ ਵੱਜੀ। ਪੁਲਿਸ ਮੁਤਾਬਕ ਦੀਪ ਸਿੱਧੂ ਦੇ ਨਾਲ ਮੌਜੂਦ ਰੀਨਾ ਰਾਏ ਨੇ ਹਾਦਸੇ ਤੋਂ ਬਾਅਦ ਆਪਣੇ ਕੁਝ ਜਾਣਕਾਰਾਂ ਨੂੰ ਬੁਲਾਇਆ। ਅਜਿਹੇ ਸਮੇਂ ‘ਚ ਐਂਬੂਲੈਂਸ ਤੇ ਕੇਐਮਪੀ ‘ਚ ਮੌਜੂਦ ਲੋਕ ਮੌਕੇ ‘ਤੇ ਪਹੁੰਚ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਟਰੱਕ ਡਰਾਈਵਰ ਫਰਾਰ ਹੈ।