ਵਿਵਾਦਤ ਗੀਤਾਂ ਨਾਲ ਚਰਚਾ ‘ਚ ਰਹਿਣ ਵਾਲੇ ਪੰਜਾਬੀ ਗਾਇਕ ਤੇ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਇੱਕ ਸਿਵਲ ਮਾਮਲੇ ‘ਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਦਾ ਜਵਾਬ 2 ਮਾਰਚ ਨੂੰ ਦੇਣਾ ਹੋਵੇਗਾ।
ਇਹ ਪਟੀਸ਼ਨ ਜ਼ਿਲ੍ਹਾ ਅਦਾਲਤ ਦੇ ਵਕੀਲ ਸੁਨੀਲ ਮੱਲਣ ਵੱਲੋਂ ਦਾਇਰ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਗੀਤ ‘ਸੰਜੂ’ ਵਿੱਚ ਵਕੀਲਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ। ਅਜਿਹੇ ‘ਚ ਉਨ੍ਹਾਂ ਨੇ ਜਾਣਬੁੱਝ ਕੇ ਵਕੀਲ ਭਾਈਚਾਰੇ ਦੇ ਅਕਸ ਨੂੰ ਖ਼ਰਾਬ ਕਰਨ ਦਾ ਕੰਮ ਕੀਤਾ ਹੈ। ਮੂਸੇਵਾਲਾ ਨੇ ਜਾਣਬੁੱਝ ਕੇ ਗਲਤ ਇਰਾਦੇ ਨਾਲ ਇਹ ਗੀਤ ਕੱਢਿਆ ਤੇ ਨਿਆਂ ਪ੍ਰਣਾਲੀ ਦਾ ਅਕਸ ਖਰਾਬ ਕਰਨ ਦਾ ਕੰਮ ਕੀਤਾ।
ਮੰਗ ਕੀਤੀ ਗਈ ਹੈ ਕਿ ਮੂਸੇਵਾਲਾ ਨੂੰ ਆਦੇਸ਼ ਜਾਰੀ ਕੀਤਾ ਜਾਵੇ ਕਿ ‘ਸੰਜੂ’ ਗੀਤ ਤੋਂ ਕਮਾਏ ਪੈਸੇ ਵਕੀਲਾਂ ਨੂੰ ਮੁਆਵਜ਼ੇ ਵਜੋਂ ਬਾਰ ਕੌਂਸਲ ਆਫ਼ ਪੰਜਾਬ ਤੇ ਹਰਿਆਣਾ ਦੇ ਐਡਵੋਕੇਟ ਵੈਲਫ਼ੇਅਰ ਫੰਡ ‘ਚ ਜਮ੍ਹਾਂ ਕਰਵਾਏ ਜਾਣ। ਇਸ ਦੇ ਨਾਲ ਹੀ ਦੋਸ਼ ਹੈ ਕਿ ਉਹ ਗੀਤਾਂ ਰਾਹੀਂ ਬਾਰਡਰ ਸਟੇਟ (ਪੰਜਾਬ) ਦੇ ਨੌਜਵਾਨਾਂ ਨੂੰ ਹਿੰਸਾ ਤੇ ਦੰਗਿਆਂ ਲਈ ਭੜਕਾਉਂਦਾ ਹੈ। ਮੂਸੇਵਾਲਾ ‘ਤੇ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਵੀ ਦੋਸ਼ ਹੈ। ‘ਸੰਜੂ’ ਗੀਤ ‘ਚ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।