ਪੰਜਾਬ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਇਸ ਤੋਂ ਬਾਅਦ ਗੇਂਦ ਜਨਤਾ ਦੀ ਕਚਹਿਰੀ ਵਿੱਚ ਹੋਵੇਗੀ ਤੇ 20 ਫਰਵਰੀ ਨੂੰ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਜਾਵੇਗੀ ਪਰ ਇਸ ਦੌਰਾਨ ਹਰ ਪਾਰਟੀ, ਹਰ ਆਗੂ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਲਈ ਵੱਖੋ-ਵੱਖਰੇ ਦਾਅ ਪੇਚ ਲਾ ਰਿਹਾ ਹੈ। ਅਜਿਹਾ ਹੀ ਇੱਕ ਦਾਅ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਖੇਡਿਆ ਹੈ।
ਦੱਸ ਦਈਏ ਕਿ ਨਵਜੋਤ ਸਿੱਧੂ ਵੀਰਵਾਰ ਨੂੰ ਅੰਮ੍ਰਿਤਸਰ ਪੂਰਬੀ ਵਿਖੇ ਆਪਣੇ ਲਈ ਵੋਟਾਂ ਮੰਗਣ ਗਏ। ਉਨ੍ਹਾਂ ਦੇ ਸਮਰਥਕ ਵੀ ਘਰ-ਘਰ ਜਾ ਕੇ ਸਿੱਧੂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਸੀ। ਇਸ ਦੌਰਾਨ ਬਹੁਤ ਸਾਰੇ ਦਰਵਾਜ਼ੇ ਬੰਦ ਵੇਖਣ ਨੂੰ ਮਿਲੇ ਤੇ ਲੋਕਾਂ ਨੇ ਬਾਹਰ ਨਾ ਆਉਣ ਦਾ ਫੈਸਲਾ ਕੀਤਾ।
ਹੁਣ ਜਦੋਂ ਸਿੱਧੂ ਨੂੰ ਜ਼ਮੀਨੀ ਹਕੀਕਤ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਤੁਰੰਤ ਆਪਣੇ ਹਲਕੇ ਦੇ ਵੋਟਰਾਂ ਤੋਂ ਮੁਆਫੀ ਮੰਗੀ। ਸਿੱਧੂ ਨੇ ਕਿਹਾ ਕਿ ਮੇਰੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਮੈਂ ਤੁਹਾਡੇ ਲੋਕਾਂ ਨਾਲ ਸਿੱਧਾ ਸੰਪਰਕ ਨਹੀਂ ਕਰ ਸਕਿਆ। ਮੈਂ ਉਨ੍ਹਾਂ ਵਰਕਰਾਂ ਨੂੰ ਨਹੀਂ ਮਿਲ ਸਕਿਆ ਜੋ ਮੈਨੂੰ ਮਿਲਣਾ ਚਾਹੁੰਦੇ ਸੀ। ਮੈਂ ਆਪਣੇ ਅੰਮ੍ਰਿਤਸਰ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਮੈਂ ਉਨ੍ਹਾਂ ਨੂੰ ਕਦੇ ਨਹੀਂ ਛੱਡਾਂਗਾ। ਮੈਂ ਆਪਣੇ ਲੋਕਾਂ ਲਈ ਮੰਤਰੀ ਮੰਡਲ ਦਾ ਅਹੁਦਾ ਵੀ ਛੱਡ ਦਿੱਤਾ ਸੀ।