ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ‘ਤੇ ਦੋ ਦਿਨ ਪਹਿਲਾਂ ਹਾਦਸੇ ‘ਚ ਹੋਈ ਮੌਤ ‘ਤੇ ਟਰਾਲਾ ਚਾਲਕ ਕਾਸਿਮ ਖ਼ਾਨ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਨੀਪਤ ਦੇ ਖਰਖੌਦਾ ਥਾਣੇ ਦੀ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਦਾ ਜਵਾਬ ਸੀ ਕਿ ‘ਉਸ ਤੋਂ ਗਲਤੀ’ ਹੋਈ ਹੈ। ਫਿਲਹਾਲ ਕੋਈ ਨਵਾਂ ਖੁਲਾਸਾ ਹੋਣ ਤੱਕ ਪੁਲਿਸ ਦੀਪ ਸਿੱਧੂ ਦੀ ਮੌਤ ਲਈ ਡਰਾਈਵਰ ਕਾਸਿਮ ਨੂੰ ਜ਼ਿੰਮੇਵਾਰ ਮੰਨ ਕੇ ਹੀ ਮਾਮਲੇ ਦੀ ਕੜੀ ਨੂੰ ਜੋੜ ਕੇ ਅੱਗੇ ਵਧੇਗੀ। ਪੁਲਿਸ ਡਰਾਈਵਰ ਨੂੰ ਸ਼ੁੱਕਰਵਾਰ ਦੁਪਹਿਰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕਰੇਗੀ।
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਤੇ ਲਾਲ ਕਿਲਾ ਹਿੰਸਾ ਕਰਕੇ ਦੁਨੀਆਂ ਭਰ ਵਿੱਚ ਚਰਚਿਤ ਹੋਏ ਦੀਪ ਸਿੱਧੂ 15 ਫ਼ਰਵਰੀ ਦੀ ਸ਼ਾਮ ਆਪਣੀ ਦੋਸਤ ਰੀਨਾ ਰਾਏ ਨਾਲ ਸਕਾਰਪੀਓ ‘ਚ ਕੇਐਮਪੀ ਰਾਹੀਂ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ। ਸੋਨੀਪਤ ਦੇ ਖਰਖੌਦਾ ‘ਚ ਪਿਪਲੀ ਟੋਲ ਨੇੜੇ ਉਸ ਦੀ ਕਾਰ ਟਰਾਲੇ ਦੇ ਪਿੱਛੇ ਭਿੜ ਗਈ ਸੀ। ਇਸ ਦਰਦਨਾਕ ਹਾਦਸੇ ‘ਚ ਦੀਪ ਦੀ ਮੌਤ ਹੋ ਗਈ, ਜਦਕਿ ਰੀਨਾ ਜ਼ਖ਼ਮੀ ਹੋਈ ਸੀ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ।