ਪੰਜਾਬ ‘ਚ ਚੋਣ ਪ੍ਰਚਾਰ ਬੀਤੇ ਦਿਨ 18 ਫਰਵਰੀ ਸ਼ਾਮ ਨੂੰ ਖ਼ਤਮ ਹੋ ਗਿਆ। ਹੁਣ ਲੋਕਾਂ ਦੇ ਪਾਲੇ ‘ਚ ਗੇਂਦ ਹੈ ਅਤੇ ਸੂਬੇ ਦੀ ਜਨਤਾ 20 ਫਰਵਰੀ ਨੂੰ ਈਵੀਐਮ ਮਸ਼ੀਨਾਂ ‘ਚ ਆਪਣੀ ਪਸੰਦ ਦੇ ਉਮੀਦਵਾਰ ਦੇ ਹੱਕ ‘ਚ ਬਟਨ ਦੱਬ ਕੇ ਵੋਟਾਂ ਪਾਉਣਗੇ। ਇਸ ਸਭ ਦੇ ਦਰਮਿਆਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ਼ੁੱਕਰਵਾਰ 18 ਫਰਵਰੀ ਸ਼ਾਮ 6 ਵਜੇ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਹਲਕੇ ਤੋਂ ਬਾਹਰ ਨਿਕਲਣਾ ਪਵੇਗਾ ਪਰ 6 ਵਜੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਨਸਾ ਵਿਖੇ ਘਰ-ਘਰ ਸ਼ੁਭਦੀਪ ਸਿੰਘ ਸਿੱਧੂ ਊਰਫ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਹੱਕ ‘ਚ ਬਾਜ਼ਾਰਾਂ ‘ਚ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆਏ।
ਇਸ ਸਬੰਧੀ ਜਦੋਂ ਮਾਨਸਾ ਦੇ ਰਿਟਰਨਿੰਗ ਅਫ਼ਸਰ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਥੋਂ ਜਾ ਚੁੱਕੇ ਸੀ। ਇਸ ਬਾਰੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਮਾਨਸਾ ਨੇ ਦੱਸਿਆ ਕਿ ਉਹ ਲੋਕਾਂ ਤੋਂ ਜਾਣਕਾਰੀ ਲੈ ਰਹੇ ਹਨ ਅਤੇ ਐਫਐਸਟੀ ਟੀਮ ਦੀ ਵੀਡੀਓ ਰਿਕਾਰਡਿੰਗ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਪਾਸੇ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਮਾਨਸਾ ਆਇਆ ਹਾਂ ਅਤੇ ਬੇਸ਼ੱਕ ਥੋੜ੍ਹੀ ਦੇਰ ਹੋ ਗਈ ਜਿਸ ਕਾਰਨ ਮੈਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਤੋਂ ਮੁਆਫੀ ਨਹੀਂ ਮੰਗ ਸਕਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਹੋਣਹਾਰ ਨੌਜਵਾਨ ਹੈ ਅਤੇ ਮੈਂ ਸਮੂਹ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਧੂ ਮੂਸੇਵਾਲਾ ਨੂੰ ਹੀ ਚੁਣਨ ਕਿਉਂਕਿ ਉਨ੍ਹਾਂ ਨੂੰ ਚੁਣਨ ਦੇ ਨਾਲ-ਨਾਲ ਤੁਸੀਂ ਮੈਨੂੰ ਵੀ ਚੁਣਦੇ ਹੋ, ਜਿਸ ਨਾਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਬਹੁਤ ਦੂਰ ਲੈ ਕੇ ਜਾਣਾ ਚਾਹੁੰਦੇ ਹਾਂ, ਇਸ ਲਈ ਅਸੀਂ ਪੰਜਾਬ ਚੋਂ ਇੱਕ ਹੋਣਹਾਰ ਨੌਜਵਾਨ ਲੱਭ ਕੇ ਮਾਨਸਾ ਵਾਸੀਆਂ ਨੂੰ ਦਿੱਤਾ ਹੈ।