ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਭਲਕੇ ਯਾਨੀ ਐਤਵਾਰ ਨੂੰ ਪੈਣਗੀਆਂ। ਦੱਸ ਦਈਏ ਕਿ ਪਹਿਲਾਂ ਸੂਬੇ ‘ਚ ਵੋਟਾਂ 14 ਫਰਵਰੀ ਨੂੰ ਪੈਣੀਆਂ ਸੀ ਪਰ ਰਵੀਦਾਸ ਜਯੰਤੀ ਕਰਕੇ ਵੋਟਾਂ ਦੀ ਤਾਰੀਖ ਬਦਲ ਕੇ 20 ਫਰਵਰੀ ਤੈਅ ਕੀਤੀ ਗਈ। ਇਸ ਦੇ ਨਾਲ ਹੀ 18 ਫਰਵਰੀ ਨੂੰ ਚੋਣ ਪ੍ਰਚਾਰ ‘ਤੇ ਵੀ ਬ੍ਰੇਕ ਲੱਗ ਗਈ ਹੈ।
ਸੂਬੇ ਦੇ ਲੋਕ ਐਤਵਾਰ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟ ਪਾ ਸਕਣਗੇ। ਇਸ ਦੇ ਲਈ ਸੂਬੇ ਵਿੱਚ 14,751 ਥਾਵਾਂ ‘ਤੇ 24,740 ਪੋਲਿੰਗ ਬੂਥ ਬਣਾਏ ਗਏ ਹਨ। ਸੂਬੇ ਭਰ ਵਿੱਚ ਪੁਲੀਸ ਦਾ ਸਖ਼ਤ ਪਹਿਰਾ ਰਹੇਗਾ। ਇਸ ਦੌਰਾਨ ਸੂਬੇ ਵਿੱਚ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ। ਕਰਮਚਾਰੀ ਵੀ ਵੋਟ ਪਾ ਸਕਦੇ ਹਨ, ਇਸ ਲਈ ਮੁੱਖ ਸਕੱਤਰ ਅਤੇ ਕਿਰਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਲੋਂ ਪੇਡ ਛੁੱਟੀ ਦੇ ਨਾਲ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵਿਧਾਇਕਾਂ ਦੀ ਚੋਣ ਹੋਣੀ ਹੈ। ਇਸ ਦੇ ਲਈ 1,304 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਸਖ਼ਤ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਦਰਮਿਆਨ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ ‘ਚ ਇੱਕ ਦੂਜੇ ਨੂੰ ਪੂਰੀ ਟੱਕਰ ਦੇਣਗੀਆਂ।