ਅਫਗਾਨਿਸਤਾਨ ਵਿੱਚ ਅੱਤਿਆਚਾਰਾਂ ਦਾ ਸ਼ਿਕਾਰ ਹੋ ਕੇ ਭਾਰਤ ਆਏ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਇੱਕ ਸਮੂਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਔਖੇ ਸਮੇਂ ਵਿੱਚ ਭਾਰਤੀ ਮੂਲ ਦੇ ਅਫਗਾਨ ਨਾਗਰਿਕਾਂ ਦੀ ਮਦਦ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਵਫ਼ਦ ਨੇ ਅਫਗਾਨ ਘੱਟ ਗਿਣਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਪਨਾਹ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇਸ ਦੌਰਾਨ 2020 ਵਿੱਚ ਤਾਲਿਬਾਨ ਵੱਲੋਂ ਅਗਵਾ ਕੀਤੇ ਗਏ ਅਫਗਾਨ ਨਾਗਰਿਕ ਨਿਦਾਨ ਸਿੰਘ ਸਚਦੇਵਾ ਵੀ ਮੌਜੂਦ ਸਨ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਇਸ ਵਫਦ ‘ਚ ਸ਼ਾਮਲ ਸਨ। ਪ੍ਰਧਾਨ ਮੰਤਰੀ ਮੋਦੀ ਨੂੰ ਵਫ਼ਦ ਵੱਲੋਂ ਤੋਹਫ਼ੇ ਵਜੋਂ ਇੱਕ ਅਫਗਾਨ ਪੱਗੜੀ ਅਤੇ ਇੱਕ ਕਿਰਪਾਨ ਭੇਂਟ ਕੀਤੀ ਗਈ।ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਨਾਗਰਿਕਤਾ ਸਮੇਤ ਕੁਝ ਮੁੱਦੇ ਉਠਾਏ।
ਮੀਟਿੰਗ ਵਿੱਚ ਜ਼ਿਆਦਾਤਰ ਅਫਗਾਨ ਮੂਲ ਦੇ ਹਿੰਦੂ ਅਤੇ ਸਿੱਖ ਸ਼ਾਮਲ ਹੋਏ ਜੋ ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਆਏ ਹਨ। ਇਨ੍ਹਾਂ ‘ਚੋਂ ਕੁਝ ਅਜਿਹੇ ਵੀ ਹਨ, ਜੋ ਹਾਲ ਹੀ ‘ਚ ਅਫਗਾਨਿਸਤਾਨ ਤੋਂ ਲਿਆਂਦੇ ਗਏ ਹਨ।