ਵਿਧਾਨ ਸਭਾ ਚੋਣਾਂ ਤੋਂ ਤੋਂ ਬਾਅਦ ਕਿਸਾਨਾਂ ਉੱਪਰ ਮੁੜ ਹਮਲਾ ਹੋ ਸਕਦਾ ਹੈ। ਕੇਂਦਰ ਸਰਕਾਰ ਮੁੜ ਸੋਧੇ ਹੋਏ ਖੇਤੀ ਕਾਨੂੰਨ ਲਿਆ ਸਕਦੀ ਹੈ। ਇਹ ਦਾਅਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬੇਸ਼ੱਕ ਕੇਂਦਰ ਸਰਕਾਰ ਵਾਪਸ ਲਏ ਤਿੰਨ ਖੇਤੀ ਕਾਨੂੰਨਾਂ ਨੂੰ ਮੂਲ ਰੂਪ ਵਿੱਚ ਵਾਪਸ ਨਾ ਵੀ ਲੈ ਕੇ ਆਵੇ ਪਰ ਕੇਂਦਰ ਨਵੇਂ ਰੰਗ-ਰੂਪ ਵਾਲੇ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਸਕਦੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਜੇਪੀ ਦੇ ਹੀ ਕਈ ਸੀਨੀਅਰ ਲੀਡਰਾਂ ਨੇ ਦਾਅਵਾ ਕੀਤਾ ਸੀ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਮੁੜ ਲਿਆਏਗੀ। ਉਂਝ ਸੰਸਦ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਸਪਸ਼ਟ ਕੀਤਾ ਸੀ ਕਿ ਸਰਕਾਰ ਦੀ ਅਜਿਹੀ ਕੋਈ ਮਨਸ਼ਾ ਨਹੀਂ ਹੈ। ਹੁਣ ਚੋਣਾਂ ਤੋਂ ਬਾਅਦ ਸੁਨੀਲ ਜਾਖੜ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਪੰਜਾਬੀ ਦੇ ਪ੍ਰਮੁੱਖ ਅਖਬਾਰ (ਟ੍ਰਿਬਿਊਨ) ਵਿੱਚ ਛਪੀ ਰਿਪੋਰਟ ਮੁਤਾਬਕ ਜਾਖੜ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਚੋਣਾਂ ਦੇ ਨਤੀਜੇ ਆਉਣ ਮਗਰੋਂ ਕਿਸਾਨੀ ’ਤੇ ਵੱਡਾ ਹੱਲਾ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੁਨੀਲ ਕਿਹਾ ਕਿ ਪੰਜਾਬ ਚੋਣਾਂ ਵਿੱਚ ਬਿਨਾਂ ਤਿਆਰੀ ਤੋਂ ਹੀ ਸੰਯੁਕਤ ਸਮਾਜ ਮੋਰਚਾ ਚੋਣਾਂ ਵਿੱਚ ਉੱਤਰਿਆ ਤੇ ਏਕੇ ਦੇ ਮੰਤਰ ਨੂੰ ਲਾਂਭੇ ਰੱਖ ਕੇ ਇਨ੍ਹਾਂ ਕਿਸਾਨ ਧਿਰਾਂ ਨੇ ਚੋਣਾਂ ਲੜੀਆਂ ਹਨ ਜਿਸ ਦੇ ਦੂਰਗਾਮੀ ਨਤੀਜੇ ਸਾਡੇ ਸਾਹਮਣੇ ਆਉਣਗੇ।