ਪੰਜਾਬ ‘ਚ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਕਿਤਾਬ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਬਾਰੇ ਵਿਵਾਦਤ ਗੱਲਾਂ ਲਿਖੀਆਂ ਗਈਆਂ ਹਨ। ਇਸ ਕਿਤਾਬ ‘ਚ ਕਿਹਾ ਗਿਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਫੌਜ ਵਿੱਚ ਸੇਵਾ ਕੀਤੀ ਸੀ। ਉਨ੍ਹਾਂ ਨੂੰ ਜੱਟਾਂ ਨੇ ਤਲਵਾਰ ਚੁੱਕਣ ਲਈ ਮਜ਼ਬੂਰ ਕੀਤਾ। ਇਸ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਵਿਵਾਦਤ ਪੁਸਤਕ ਨੂੰ ਸਿਲੇਬਸ ਵਿੱਚੋਂ ਤੁਰੰਤ ਹਟਾ ਕੇ ਤੱਥਾਂ ਨੂੰ ਦਰੁਸਤ ਕਰਨ ਲਈ ਕਿਹਾ ਹੈ। ਉਨ੍ਹਾਂ ਕਾਂਗਰਸ ਸਮੇਤ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਤੇ ਸਿੱਖ ਇਤਿਹਾਸ ਤੇ ਗੁਰੂਆਂ ਦੀ ਬਾਣੀ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਸੰਧਵਾਂ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਚੋਂ 52 ਰਾਜਿਆਂ ਦੀ ਰਿਹਾਈ ਮਗਰੋਂ ਮੁਗ਼ਲ ਸ਼ਾਸਕ ਦੀ ਫ਼ੌਜ ਵਿੱਚ ਸੇਵਾ ਨਿਭਾਈ ਸੀ। ਇਹ ਗੱਲ ਪੰਜਾਬ ਕਾ ਇਤਿਹਾਸ ਨਾਂ ਦੀ ਕਿਤਾਬ ਦੇ ਪੰਨਾ ਨੰਬਰ 81 ਵਿੱਚ ਲਿਖੀ ਗਈ ਹੈ।