ਡਰੱਗਜ਼ ਮਾਮਲੇ ‘ਚ ਜੇਲ੍ਹ ‘ਚ ਬੰਦ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ‘ਚ ਸੁਣਵਾਈ ਹੋਈ। ਮਜੀਠੀਆ ਨੂੰ ਲੈ ਕੇ ਬਚਾਅ ਪੱਖ ਤੇ ਸਰਕਾਰੀ ਵਕੀਲਾਂ ਵਿਚਾਲੇ ਲੰਬੀ ਬਹਿਸ ਹੋਈ। ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਮਜੀਠੀਆ ਦੇ ਵਕੀਲ ਡੀਐਸ ਸੋਬਤੀ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਦਬਾਅ ਹੇਠ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਥੇ ਹੀ ਸਰਕਾਰੀ ਵਕੀਲਾਂ ਨੇ ਵੀ ਜ਼ਮਾਨਤ ਨਾ ਮਿਲਣ ਸਬੰਧੀ ਆਪਣੀਆਂ ਦਲੀਲਾਂ ਦਿੱਤੀਆਂ।
ਨਸ਼ਿਆਂ ਦੇ ਮਾਮਲੇ ‘ਚ ਫਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ 8 ਮਾਰਚ ਤਕ ਜੇਲ੍ਹ ਭੇਜ ਦਿੱਤਾ ਹੈ। ਮਜੀਠੀਆ ਨੂੰ ਪਟਿਆਲਾ ਜੇਲ੍ਹ ‘ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਵੱਖਰੀ ਬੈਰਕ ਮੁਹੱਈਆ ਕਰਵਾਈ ਗਈ ਹੈ। ਮੈਡੀਕਲ ਬੋਰਡ ਦੀ ਟੀਮ ਨੇ ਅੱਜ ਨਿਯਮਾਂ ਅਨੁਸਾਰ ਮਜੀਠੀਆ ਦੀ ਸਿਹਤ ਦੀ ਜਾਂਚ ਕੀਤੀ, ਜਿਸ ਦੌਰਾਨ ਉਹ ਤੰਦਰੁਸਤ ਪਾਏ ਗਏ।