ਕੈਨੇਡਾ ਦੇ ਕਲੋਨਾ ਸ਼ਹਿਰ ‘ਚ ਬਤੌਰ ਸੁਰੱਖਿਆ ਗਾਰਡ ਤਾਇਨਾਤ ਜ਼ਿਲ੍ਹੇ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ 24 ਸਾਲਾ ਹਰਮਨਦੀਪ ਕੌਰ ਨਾਂ ਦੀ ਮੁਟਿਆਰ ਉੱਤੇ ਇੱਕ ਅੰਗਰੇਜ਼ ਨੇ ਰਾਡ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਵਿਚ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਲੜਕੀ ਤਿੰਨ ਸਾਲ ਪਹਿਲਾਂ ਸੱਟਡੀ ਵੀਜ਼ੇ ‘ਤੇ ਕੈਨੇਡਾ ਗਈ ਸੀ, ਜਿਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਹਰਮਨਦੀਪ ਕੌਰ ਤਿੰਨ ਸਾਲ ਪਹਿਲਾਂ ਪੜ੍ਹਾਈ ਲਈ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਇਕ ਕੰਪਨੀ ‘ਚ ਸਕਿਓਰਿਟੀ ਗਾਰਡ ਦੀ ਨੌਕਰੀ ਮਿਲ ਗਈ ਸੀ। ਹਰਮਨਦੀਪ ਕੌਰ ਸ਼ਨਿੱਚਰਵਾਰ ਨੂੰ ਆਪਣੀ ਡਿਊਟੀ ‘ਤੇ ਸੀ। ਇਸੇ ਦੌਰਾਨ ਇਕ ਬਦਮਾਸ਼ ਅੰਗਰੇਜ਼ ਆਇਆ, ਜਿਸ ਨੇ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ‘ਚ ਹਰਮਨਦੀਪ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਕੋਨਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।