ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਰਕਾਰ ਆਪਣੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਪਛਾਣ ਸਾਹਮਣੇ ਰੱਖ ਦਿੱਤੀ ਹੈ ਪਰ ਅਸੀਂ ਇਸ ਮਾਨਸਿਕਤਾ ਲਈ ਉਹਨਾਂ ਵੱਲੋਂ ਨਤੀਜੇ ਭੁਗਤਣਾ ਯਕੀਨੀ ਬਣਾਵਾਂਗੇ।
ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ਸਿਫਾਰਸ਼ ਕਰਨ ਤੋਂ ਇਨਕਾਰ ਕਰਨ ’ਤੇ ਰੋਹ ਵਿਚ ਪ੍ਰਤੀਕਰਮ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਪੰਜਾਬੀਆਂ ਲਈ ਅਸਲੀਅਤ ਪਰਖਣ ਦਾ ਪਹਿਲਾ ਮੌਕਾ ਹੈ ਜਿਹਨਾਂ ਨੇ ਕੇਜਰੀਵਾਲ ਵੱਲੋਂ ਚੋਣਾਂ ਦੌਰਾਨ ਪ੍ਰੋ. ਭੁੱਲਰ ਨੁੰ ਰਿਹਾਅ ਕਰਨ ਦੇ ਵਾਅਦਿਆਂ ’ਤੇ ਵਿਸ਼ਵਾਸ ਕੀਤਾ । ਉਹਨਾਂ ਕਿਹਾ ਕਿ ਕੇਜਰੀਵਾਲ ਤਾਂ ਪਹਿਲਾਂ ਹੀ ਸਿੱਖ ਵਿਰੋਧੀ ਮਾਨਸਿਕਤਾ ਦਾ ਧਾਰਨੀ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਦੇ ਮਨ ਵਿਚ ਸਿੱਖਾਂ ਲਈ ਜ਼ਹਿਰ ਭਰਿਆ ਹੋਇਆ ਹੈ। ਉਹਨਾਂ ਕਿਹਾ ਕਿ ਮੈਨੁੰ ਇਹ ਖਦਸ਼ਾ ਹੈ ਕਿ ਛੇਤੀ ਹੀ ਆਮ ਆਦਮੀ ਪਾਰਟੀ ਸਮਰਥਕਾਂ ਨੂੰ ਵੀ ਝਟਕੇ ਲੱਗਣਗੇ ਅਤੇ ਕਿਹਾ ਕਿ ਕੇਜਰੀਵਾਲ ਦੇ ਦਰਿਆਈ ਪਾਣੀਆਂ ਤੇ ਹੋਰ ਮਾਮਲਿਆਂ ’ਤੇ ਸਟੈਂਡ ਤੋਂ ਪੰਜਾਬ ਦੇ ਲੋਕ ਪਹਿਲਾਂ ਹੀ ਭਲੀ ਭਾਂਤੀ ਜਾਣੂ ਹਨ।ਇਥੇ ਅੱਜ ਸ਼ਾਮ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਦਾ ਦੋਗਲਾਪਣ ਤੇ ਇਸਦਾ ਪੰਜਾਬ ਵਿਰੋਧੀ ਸਟੈਂਡ ਬੇਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਤੇ ਹਰਪਾਲ ਚੀਮਾ ਨੁੰ ਪੰਜਾਬੀਆਂ ਨੁੰ ਕਈ ਜਵਾਬ ਦੇਣੇ ਪੈਣਗੇ ਕਿ ਉਹਨਾਂ ਦੀ ਪਾਰਟੀ ਸਿੱਖ ਅਤੇ ਪੰਜਾਬੀ ਵਿਰੋਧੀ ਕਿਉਂ ਹੈ