193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਯੂਕਰੇਨ ਵਿੱਚ ਰੂਸੀ ਹਮਲੇ ਨੂੰ ਤੁਰੰਤ ਖ਼ਤਮ ਕਰਨ ਅਤੇ ਸਾਰੀਆਂ ਰੂਸੀ ਫੌਜਾਂ ਦੀ ਵਾਪਸੀ ਦੀ ਮੰਗ ਕਰਨ ਵਾਲੇ ਮਤੇ ‘ਤੇ ਵੋਟਿੰਗ ਕੀਤੀ ਗਈ। ਇਸ ਵੋਟਿੰਗ ਦੌਰਾਨ 141 ਦੇਸ਼ਾਂ ਨੇ ਰੂਸ ਦੇ ਖਿਲਾਫ ਵੋਟ ਕੀਤਾ, ਜਦਕਿ 5 ਦੇਸ਼ਾਂ ਨੇ ਰੂਸ ਦਾ ਸਮਰਥਨ ਕੀਤਾ। ਇਸ ਵੋਟਿੰਗ ਵਿੱਚ 35 ਦੇਸ਼ ਗੈਰਹਾਜ਼ਰ ਰਹੇ। ਭਾਰਤ ਨੇ ਵੀ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਯੂਰਪ ਦੇ ਆਰਥਿਕ ਤੌਰ ‘ਤੇ ਖੁਸ਼ਹਾਲ ਦੇਸ਼ਾਂ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਟਾਪੂ ਦੇਸ਼ ਤੱਕ ਕਈ ਦੇਸ਼ਾਂ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ।
ਸੰਯੁਕਤ ਰਾਸ਼ਟਰ ਮਹਾਸਭਾ ਦੇ ਐਮਰਜੈਂਸੀ ਸੈਸ਼ਨ ਵਿੱਚ ਕਿਊਬਾ ਅਤੇ ਉੱਤਰੀ ਕੋਰੀਆ ਸਮੇਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੁਝ ਸਮਰਥਕ ਵੀ ਹਨ। ਇਸ ਤੋਂ ਇਲਾਵਾ ਸੂਰੀਨਾਮ ਅਤੇ ਦੱਖਣੀ ਅਫਰੀਕਾ ਵਰਗੇ ਕੁਝ ਦੇਸ਼ਾਂ ਨੇ ਮਸੌਦੇ ਦੇ ਮਤੇ ‘ਤੇ ਕੋਈ ਸਟੈਂਡ ਨਹੀਂ ਲਿਆ ਅਤੇ ਸੰਕਟ ਦੇ ਸਥਾਈ ਹੱਲ ਲਈ ਸਮਝੌਤਾ ਅਤੇ ਕੂਟਨੀਤੀ ਦਾ ਰਸਤਾ ਅਪਣਾਉਣ ਦੀ ਅਪੀਲ ਕੀਤੀ ਹੈ।