24 ਫਰਵਰੀ ਤੋਂ ਰੂਸ ਅਤੇ ਯੂਕਰੇਨ ਵਿਚਕਾਰ ਭਿਆਨਕ ਯੁੱਧ ਜਾਰੀ ਹੈ। ਖਾਰਕੀਵ ਵਿਚ ਫਸੇ ਭਾਰਤੀ ਅਤੇ ਹੋਰ ਮੁਲਕਾਂ ਦੇ ਵਿਦਿਆਰਥੀਆਂ ਨੂੰ ਜਾਨ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਉਧਰ ਹੀ ਪਹਿਲੇ ਦਿਨ ਤੋਂ ਹੀ ਡਾ.ਕਰਨ ਸੰਧੂ ਦੇ ਪਿਤਾ ਡਾ ਤੇਜਪਾਲ ਸੰਧੂ ਬੱਚਿਆਂ ਦੀ ਮਦਦ ਕਰ ਰਹੇ ਹਨ। ਅੱਜ ਪੱਤਰਾਕਰ ਨਾਲ ਗੱਲਬਾਤ ਦੌਰਾਨ ਉਹ ਭਾਵੁਕ ਹੋ ਗਏ ਅਤੇ ਕਿਹਾ ਕਿ ਉਨ੍ਹਾਂ ਦਾ ਬੇਟਾ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਰਿਹਾ ਹੈ ਹਾਲਾਂਕਿ ਇਹ ਗੱਲ ਉਨ੍ਹਾਂ ਨੇ ਕਾਫ਼ੀ ਭਰੇ ਮਨ ਨਾਲ ਕਹੀ ਕਿਉਂਕਿ ਜਿੱਥੇ ਉਹ ਇਕ ਡਾਕਟਰ ਹਨ ਉੱਥੇ ਹੀ ਇੱਕ ਪਿਤਾ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਦੇ ਦੇਰ ਦੇ ਨਾਲ ਕਦਮ ਚੁੱਕਣ ਦੇ ਉੱਤੇ ਹੈਰਾਨੀ ਜਤਾਈ।
ਡਾ.ਤੇਜਪਾਲ ਸੰਧੂ ਨੇ ਭਾਰਤੀ ਸਿਸਟਮ ਦੇ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 75 ਸਾਲਾਂ ਬਾਅਦ ਵੀ ਭਾਰਤ ਵਿਚ ਮੈਡੀਕਲ ਕਾਲਜ ਦੀ ਸੁਵਿਧਾ ਨਹੀਂ ਹੈ ਅਤੇ ਯੂਕਰੇਨ ਜੋ ਕਿ ਕੇਵਲ 30 ਸਾਲ ਪਹਿਲਾਂ ਆਜ਼ਾਦ ਹੋਇਆ ਹੈ ਉਸ ਵਿਚ ਅਜਿਹੇ ਮੈਡੀਕਲ ਕਾਲਜ ਸਾਰੀ ਦੁਨੀਆਂ ਦੇ ਬੱਚਿਆਂ ਨੂੰ ਮੈਡੀਕਲ ਸਿੱਖਿਆ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਭਾਰਤ ਵਿੱਚ ਮਹਿੰਗੀ ਮੈਡੀਕਲ ਸਿੱਖਿਆ ਦੇ ਉੱਤੇ ਖੇਦ ਜਤਾਉਂਦੇ ਹੋਏ ਕਿਹਾ ਕਿ ਜਿੱਥੇ ਭਾਰਤ ਵਿਚ ਕਰੀਬਨ ਡੇਢ ਕਰੋੜ ਰੁਪਿਆ ਇੱਕ ਬੱਚੇ ਦਾ ਐੱਮਬੀਬੀਐੱਸ ਦੇ ਉੱਤੇ ਖ਼ਰਚਾ ਆਉਂਦਾ ਹੈ ਉੱਥੇ ਹੀ ਯੂਕਰੇਨ ਵਿੱਚ ਇਹ ਕੇਵਲ ਪੰਝੀ ਤੋਂ ਤੀਹ ਲੱਖ ਰੁਪਏ ਦੇ ਵਿਚ ਹੋ ਜਾਂਦੀ ਹੈ।
ਭਾਰਤ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਚਾਰ ਕੇਂਦਰੀ ਮੰਤਰੀ ਅਤੇ ਏਡੀਜੀਪੀ ਫਾਰੂਕੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਉਨ੍ਹਾਂ ਨਾਲ ਸੰਪਰਕ ਸਾਧ ਰਹੇ ਹਨ ਅਤੇ ਹੁਣ ਕੁਝ ਉਮੀਦ ਦੀ ਕਿਰਨ ਜਾਗ ਰਹੀ ਹੈ ਕਿ ਬੱਚੇ ਵਾਪਸ ਆ ਜਾਣਗੇ।
ਦਸ ਦੇਈਏ ਕਿ ਭਾਰਤ ਸਰਕਾਰ ਵੱਲੋਂ ਬੀਤੇ ਕੱਲ ਆਪਣੇ ਨਾਗਰਿਕਾਂ ਨੂੰ ਖਾਰਕੀਵ ਤੁਰੰਤ ਛੱਡਣ ਲਈ ਕਹਿ ਦਿੱਤਾ ਗਿਆ ਸੀ ਸਾਨੂੰ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਸਰਕਾਰ ਤੋਂ ਇਲਾਵਾ ਯੂਕੇ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ 12 ਫ਼ਰਵਰੀ ਨੂੰ ਯੂਕਰੇਨ ਛੱਡਣ ਦੀ ਸਲਾਹ ਦੇ ਦਿੱਤੀ ਗਈ ਸੀ ਅਤੇ ਅਮਰੀਕਾ ਵੱਲੋਂ ਇਹ ਸਲਾਹ 14 ਫ਼ਰਵਰੀ ਨੂੰ ਦੇ ਦਿੱਤੀ ਗਈ ਸੀ ਜਦਕਿ ਭਾਰਤ ਵੱਲੋਂ ਇਹ ਸਲਾਹ 20 ਫਰਵਰੀ ਨੂੰ ਦਿੱਤੀ ਗਈ।