ਦੇਸ਼ ਵਿੱਚ ਅਗਲੇ ਹਫ਼ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਵੱਧ ਜਾਣ ਕਾਰਨ ਪੈਦਾ ਹੋਏ 9 ਰੁਪਏ ਪ੍ਰਤੀ ਲੀਟਰ ਦੇ ਘਾਟੇ ਨੂੰ ਪੂਰਾ ਕੀਤਾ ਜਾ ਸਕੇਗਾ।
ਦੱਸ ਦਈਏ ਕਿ 2014 ਦੇ ਮੱਧ ਤੋਂ ਬਾਅਦ ਪਹਿਲੀ ਵਾਰ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈਆਂ ਹਨ, ਇਸ ਡਰ ਕਾਰਨ ਕਿ ਰੂਸ ਤੋਂ ਤੇਲ ਤੇ ਗੈਸ ਦੀ ਸਪਲਾਈ ਵਿੱਚ ਵਿਘਨ ਪੈ ਸਕਦਾ ਹੈ। ਇਸ ਦਾ ਬੋਝ ਭਾਰਤੀਆਂ ਉੱਪਰ ਪੈਣਾ ਲਾਜ਼ਮੀ ਹੈ। ਚੋਣਾਂ ਕਰਕੇ ਤੇਲ ਕਪੰਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾ ਰਹੀਆਂ ਪਰ ਅਗਲੇ ਹਫਤੇ ਨਤੀਜੇ ਆਉਂਦਿਆਂ ਹੀ ਵੱਡਾ ਝਟਕਾ ਲੱਗੇਗਾ।
ਤੇਲ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਤੇ ਵਿਸ਼ਲੇਸ਼ਣ ਸੈੱਲ (PPAC) ਦੀ ਜਾਣਕਾਰੀ ਅਨੁਸਾਰ 1 ਮਾਰਚ ਨੂੰ ਭਾਰਤ ਵਿੱਚ ਕੱਚੇ ਤੇਲ ਦੀ ਖਰੀਦਦਾਰੀ 102 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ, ਜੋ ਅਗਸਤ 2014 ਤੋਂ ਬਾਅਦ ਸਭ ਤੋਂ ਵੱਧ ਹੈ।