ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਯਾਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੇ ਨਾਲ ਹੀ ਹੁਣ ਕਿਸਾਨ ਯੂਨੀਅਨਾਂ ਵੀ ਇਸ ਮੁੱਦੇ ਤੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕਰ ਰਹੀ ਹੈ ਤੇ ਫੈਸਲੇ ਖਿਲਾਫ ਧਰਨੇ ਪ੍ਰਦਰਸ਼ਨ ਲਗਾਏ ਜਾ ਰਹੇ ਹਨ।
ਅੱਜ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਬੀਬੀਐਮਬੀ ਨੰਗਲ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ ਤੇ ਨਾਲ ਹੀ ਇਕ ਰੋਸ ਮਾਰਚ ਕੱਢਿਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜ਼ਮੀਨਾਂ ਤੇ ਲੋਕਾਂ ਨੂੰ ਉਜਾੜ ਕੇ ਡੈਮ ਬਣਾਇਆ ਗਿਆ ਹੈ ਪਰ ਅਸੀਂ ਕਿਸੇ ਵੀ ਹਾਲਤ ਵਿਚ ਪੰਜਾਬ ਦੀ ਹਿੱਸੇਦਾਰੀ ਖ਼ਤਮ ਨਹੀਂ ਹੋਣ ਦਿਆਂਗੇ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਤੇ ਸਿਆਸੀ ਪਾਰਟੀਆਂ ਕੇਂਦਰ ਤੇ ਨੋਟੀਫਿਕੇਸ਼ਨ ਰੱਦ ਕਰਨ ਦਾ ਦਬਾਅ ਪਾ ਰਹੀਆਂ ਹਨ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਤਿੰਨ ਖੇਤੀ ਕਾਨੂੰਨ ਸੰਘਰਸ਼ ਕਰਕੇ ਰੱਦ ਕਰਵਾਏ ਗਏ, ਉਸੇ ਤਰ੍ਹਾਂ ਸੰਘਰਸ਼ ਕਰਕੇ ਇਹ ਨੋਟੀਫਿਕੇਸ਼ਨ ਵੀ ਰੱਦ ਕਰਵਾਏ ਜਾਣਗੇ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੀ ਹਿੱਸੇਦਾਰੀ ਖਤਮ ਕੀਤੀ ਜਾ ਰਹੀ ਹੈ ਜੋ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ।