ਬੀਤੀ ਰਾਤ ਓਂਟਾਰੀੳ ਕੈਨੇਡਾ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨੇੜੇ ਅਰਥਰ ਦੇ ਵੈਲਿੰਗਟਨ ਰੋਡ ‘ਤੇ ਵੈਨ ਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਵੈਨ ਵਿੱਚ ਸਵਾਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਮਰਨ ਵਾਲਿਆਂ ਦੀ ਪਛਾਣ ਓਂਟਾਰੀੳ ਦੇ ਮੋਨੋ ਟਾਊਨ ਦੇ ਵਾਸੀ ਗੁਰਿੰਦਰਪਾਲ ਲਿੱਧੜ (31), ਬ੍ਰੈਂਟਫੋਰਡ ਦੇ ਵਾਸੀ ਸੰਨੀ ਖੁਰਾਣਾ (24) ਤੇ ਬੈਰੀ ਟਾਊਨ ਦੇ ਵਾਸੀ ਕਿਰਨਪ੍ਰੀਤ ਸਿੰਘ ਗਿੱਲ (22) ਵਜੋਂ ਹੋਈ ਹੈ। ਇਸ ਹਾਦਸੇ ਚ ਟ੍ਰੇਲਰ ਦਾ ਡਰਾਈਵਰ ਵੀ ਸਖ਼ਤ ਫਟੜ ਹੋਇਆ ਹੈ, ਜਿਸ ਨੂੰ ਸਥਾਨਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।
ਇਸ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ ਸੀ। ਮਾਰੇ ਗਏ ਤਿੰਨੇ ਨੌਜਵਾਨ ਇੱਕ ਹੀ ਵੈਨ ਵਿੱਚ ਸਵਾਰ ਸਨ। ਮਾਰੇ ਗਏ ਇੱਕ ਨੌਜਵਾਨ ਕਿਰਨਪ੍ਰੀਤ ਸਿੰਘ (22) ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦੱਸਿਆ ਜਾਂਦਾ ਹੈ।