ਰੁਪਏ ’ਚ ਅੱਜ ਡਾਲਰ ਦੇ ਮੁਕਾਬਲੇ ਫਿਰ ਕਮਜ਼ੋਰੀ ਆਈ ਹੈ। ਰੁਪਇਆ ਅੱਜ ਦੇ ਕਾਰੋਬਾਰ ’ਚ ਟੁੱਟ ਕੇ 79.46 ਪ੍ਰਤੀ ਡਾਲਰ ਦੇ ਭਾਅ ’ਤੇ ਪਹੁੰਚ ਗਿਆ। ਇਹ ਰੁਪਏ ਲਈ ਹੁਣ ਤੱਕ ਦਾ ਸਭ ਤੋਂ ਰਿਕਾਰਡ ਹੇਠਲਾ ਪੱਧਰ ਹੈ। ਘਰੇਲੂ ਸ਼ੇਅਰ ਬਾਜ਼ਾਰ ’ਚ ਦਬਾਅ, ਕਰੂਡ ਦੀ ਮਹਿੰਗਾਈ, ਮੰਦੀ ਦਾ ਖਦਸ਼ਾ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਰੁਪਇਅਾ ਕਮਜ਼ੋਰ ਹੋਇਆ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਦੇਖੀਏ ਤਾਂ ਰੁਪਏ ’ਚ ਹਾਲੇ ਹੋਰ ਗਿਰਾਵਟ ਵਧੇਗੀ। ਜੁਲਾਈ ’ਚ ਹੀ ਇਹ 80 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਹੇਠਾਂ ਵੱਲ ਤੋੜ ਸਕਦਾ ਹੈ। ਲੰਮੀ ਮਿਆਦ ’ਚ ਇਹ 81 ਪ੍ਰਤੀ ਡਾਲਰ ਤੱਕ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ।
ਘਰੇਲੂ ਸ਼ੇਅਰ ਬਾਜ਼ਾਰ ’ਚ ਸੁਸਤੀ ਅਤੇ ਮੰਦੀ ਦੇ ਖਦਸ਼ੇ ’ਚ ਅੱਜ ਰੁਪਇਆ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ 4 ਪੈਸੇ ਟੁੱਟ ਕੇ 79.30 ਦੇ ਪੱਧਰ ’ਤੇ ਖੁੱਲ੍ਹਿਆ। ਇਹ 20 ਪੈਸੇ ਡਿਗ ਕੇ 79.46 ਪ੍ਰਤੀ ਡਾਲਰ ’ਤੇ ਬੰਦ ਹੋਇਆ। ਹਾਲਾਂਕਿ ਅੱਜ ਕਰੂਡ ’ਚ ਗਿਰਾਵਟ ਨਾਲ ਇਹ ਗਿਰਾਵਟ ਕੁੱਝ ਕੰਟਰੋਲ ਹੋਈ। ਇਸ ਦਰਮਿਆ ਡਾਲਰ ਇੰਡੈਕਸ 0.31 ਫੀਸਦੀ ਮਜ਼ਬੂਤ ਹੋ ਕੇ 107.34 ਦੇ ਪੱਧਰ ’ਤੇ ਪਹੁੰਚ ਗਿਆ। ਬ੍ਰੇਂਟ ਕਰੂਡ ਫਿਊਚਰਸ 0.63 ਫੀਸਦੀ ਦੀ ਗਿਰਾਵਟ ਨਾਲ 106.35 ਡਾਲਰ ਪ੍ਰਤੀ ਬੈਰਲ ਦੇ ਭਾਅ ’ਤੇ ਆ ਗਿਆ। ਉੱਥੇ ਹੀ ਸ਼ੇਅਰ ਬਾਜ਼ਾਰ ’ਚ ਅੱਜ ਵਿਕਰੀ ਦਾ ਦੌਰ ਜਾਰੀ ਹੈ।