ਲਾਈਵ ਪੰਜਾਬੀ ਟੀਵੀ ਬਿਊਰੋ: ਐਨਕਾਊਂਟਰ ਤੋਂ 6 ਦਿਨ ਪਹਿਲਾਂ ਹਵੇਲੀ ਵਿਚ ਗੈਂਗਸਟਰਾਂ ਨੇ ਪਾਰਟੀ ਕੀਤੀ ਸੀ। ਇਹ ਦਾਅਵਾ ਪੁਲਿਸ ਦਾ ਹੈ, ਉਹ ਹਵੇਲੀ ਜਿਥੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਜਗਰੂਪ ਰੂਪਾ ਤੇ ਗੈਂਗਸਟਰ ਮਨਪ੍ਰੀਤ ਮੰਨੂ ਕੁੱਸਾ ਦਾ ਕਤਲ ਕੀਤਾ ਗਿਆ। ਇਸ ਬਾਰੇ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਉਸੇ ਦਿਨ ਗੈਂਗਸਟਰ ਉਥੇ ਆਏ ਸੀ।ਹੁਣ ਉਸ ਬਾਰੇ ਵੱਡਾ ਖੁਲਾਸਾ ਹੋ ਰਿਹਾ ਹੈ। ਜਿਸ ਮੁਤਾਬਕ ਉਥੇ 2 ਨਹੀਂ 2 ਤੋਂ ਜ਼ਿਆਦਾ ਗੈਂਗਸਟਰ ਰਹਿ ਰਹੇ ਸੀ । ਐਨਕਾਊਂਟਰ ਤੋਂ ਕੁਝ ਦਿਨ ਪਹਿਲਾਂ ਤਕ ਇਸ ਹਵੇਲੀ ਵਿਚ ਪਾਰਟੀ ਹੋ ਰਹੀ ਸੀ। ਹਵੇਲੀ ਵਿਚੋਂ ਪੁਲਿਸ ਨੂੰ ਡਿਸਪੋਜ਼ੇਬਲ ਪਲੇਟਾਂ, ਇਕ ਭੱਠੀ ਤੇ ਕੁਝ ਬਲੀਆਂ ਹੋਈਆਂ ਲੱਕੜਾਂ ਮਿਲੀਆਂ ਹਨ। ਇਸ ਨੂੰ ਦੇਖਕੇ ਲੱਗਦਾ ਹੈ ਕਿ ਇਹ ਕਾਫੀ ਸਮੇਂ ਤੋਂ ਇਸੇ ਹਵੇਲੀ ਵਿਚ ਰੁਕੇ ਹੋਏ ਸਨ। ਇਥੇ ਇਹਨਾਂ ਦੀ ਪਾਰਟੀ ਵੀ ਚੱਲ ਰਹੀ ਸੀ। ਹੁਣ ਪੁਲਿਸ ਸਾਹਮਣੇ ਵੱਡਾ ਸਵਾਲ ਉੱਠਦਾ ਹੈ ਕਿ ਜੇਕਰ ਹਵੇਲੀ ਵਿਚ ਹੋਰ ਗੈਂਗਸਟਰ ਵੀ ਰੂਪਾ ਤੇ ਮੰਨੂ ਦੀ ਪਾਰਟੀ ਵਿਚ ਸ਼ਾਮਲ ਹੋਏ ਸੀ ਤਾਂ ਉਹ ਕੌਣ ਸਨ।ਕੀ ਇਨਾਂ ਨੂੰ ਇਸ ਘਰ ਵਿਚ ਕਿਸੇ ਨੇ ਪਨਾਹ ਦਿੱਤੀ ਸੀ ਜਾਂ ਫਿਰ ਇਹ ਖੁਦ ਇਸ ਖਾਲੀ ਘਰ ਨੂੰ ਦੇਖ ਕੇ ਇਥੇ ਪਹੁੰਚੇ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਘਰ ਦਾ ਮਾਲਕ ਪੁਲਿਸ ਦੇ ਰਾਡਾਰ ‘ਤੇ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਘਰ ਬਲਵਿੰਦਰ ਸਿੰਘ ਨਾਮੀ ਵਿਅਕਤੀ ਦਾ ਹੈ। ਹਾਲਾਂਕਿ ਉਹ ਇਸ ਘਰ ਵਿਚ ਨਹੀ ਰਹਿ ਰਿਹਾ ਸੀ ਪਰ ਬੰਦ ਪਏ ਉਸ ਦੇ ਘਰ ਵਿਚ ਗੈਂਗਸਟਰ ਕਿਵੇਂ ਪਹੁੰਚੇ? ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ।
ਉਧਰ ਹੁਣ ਤੱਕ ਦੀ ਜਾਂਚ ਤੋਂ ਗੋਲਡੀ ਬਰਾੜ ਦਾ ਉਹ ਦਾਅਵਾ ਵੀ ਸੱਚ ਲੱਗ ਰਿਹਾ ਹੈ। ਜਿਸ ਦੇ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ 6 ਨਹੀਂ 8 ਸ਼ੂਟਰ ਸ਼ਾਮਲ ਸੀ। ਜਦੋਂ ਕਿ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਕਤਲ ਵਿਚ 6 ਹੀ ਸ਼ੂਟਰ ਸ਼ਾਮਲ ਸਨ। ਹਾਲਾਂਕਿ ਦਿੱਲੀ ਦੀ ਸਪੈਸ਼ਲ ਸੈੱਲ ਨੇ ਪਹਿਲਾ ਕਤਲ ਵਿਚ 8 ਸ਼ੂਟਰਾਂ ਦੀ ਸ਼ਮੂਲੀਅਤ ਦੱਸੀ ਸੀ। ਬਾਅਦ ਵਿਚ ਉਹ ਵੀ ਕਹਿਣ ਲੱਗੇ ਸੀ ਕਿ ਕਤਲ ਵਿਚ 6 ਸ਼ੂਟਰ ਹੀ ਸ਼ਾਮਲ ਹਨ।
ਫਿਲਹਾਲ ਪੰਜਾਬ ਪੁਲਿਸ ਦੇ ਅੱਗੇ ਹੁਣ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਹੁਣ ਤੱਕ ਪੁਲਿਸ ਨੂੰ ਛੇਂਵੇਂ ਗੈਂਗਸਟਰ ਦੀਪਕ ਮੁੰਡੀ ਦੀ ਤਲਾਸ਼ ਸੀ ਪਰ ਹੁਣ ਉਨਾਂ ਨੂੰ 2 ਹੋਰ ਗੈਂਗਸਟਰਾਂ ਦੀ ਵੀ ਤਲਾਸ਼ ਹੈ, ਜੋ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਹੋ ਸਕਦੇ ਹਨ। ਕੁੱਲ ਮਿਲਾ ਕੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਗੁੱਥੀ ਅਜੇ ਵੀ ਪੂਰੀ ਤਰ੍ਹਾਂ ਸੁਲਝੀ ਨਹੀਂ ਹੈ। ਇਸ ਗੁੱਥੀ ਦੇ ਪੂਰੀ ਤਰ੍ਹਾਂ ਸੁਲਝਣ ਦੇ ਨਾਲ ਇਸ ਵੀ ਵਿਚ ਹੋਰ ਵੀ ਕਈ ਵੱਡੇ ਖੁਲਾਸੇ ਹੋਣਗੇ।
ਐਨਕਾਊਂਟਰ ਤੋਂ ਪਹਿਲਾਂ ਗੈਂਗਸਟਰਾਂ ਨੇ ਕੀਤੀ ਸੀ ਹਵੇਲੀ ‘ਚ ਪਾਰਟੀ’, ਕਈ ਹੋਰ ਗੈਂਗਸਟਰ ਵੀ ਹੋਏ ਸੀ ਸ਼ਾਮਿਲ, ਇਸ ਤਰ੍ਹਾਂ ਹੋਇਆ ਖ਼ੁਲਾਸਾ
