ਲਾਈਵ ਪੰਜਾਬੀ ਟੀਵੀ ਬਿਊਰੋ: ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਨਿਵਾਸੀ ਨੌਜਵਾਨ ਨੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਵਿਧਵਾ ਤੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਚੌਕੀ ਫਤਿਆਬਾਦ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਉਕਤ ਔਰਤ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 9 ਮੁਰਾਦਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਲੜਕਾ ਜੋਬਨਜੀਤ ਸਿੰਘ (25) ਜੋ ਚਾਰ ਲੜਕੀਆਂ ਦਾ ਪਿਤਾ ਹੈ ਦੇ ਅਮਨਦੀਪ ਕੌਰ ਵਿਧਵਾ ਸਰਬਜੀਤ ਸਿੰਘ ਵਾਸੀ ਫਤਿਆਬਾਦ ਨਾਲ ਨਾਜਾਇਜ਼ ਸਬੰਧ ਸਨ। ਇਹ ਦੋਵੇਂ 6 ਮਹੀਨੇ ਪਹਿਲਾਂ ਕਿਸੇ ਕੰਪਨੀ ਵਿਚ ਇਕੱਠੇ ਕੰਮ ਕਰਦੇ ਸਨ। ਅਮਨਦੀਪ ਕੌਰ ਉਸਦੇ ਲੜਕੇ ਜੋਬਨਜੀਤ ਸਿੰਘ ’ਤੇ ਆਪਣੀ ਪਹਿਲੀ ਪਤਨੀ ਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਬਣਾ ਰਹੀ ਸੀ ਤਾਂ ਜੋ ਉਹ ਉਸ ਨਾਲ ਬਤੌਰ ਪਤਨੀ ਰਹਿ ਸਕੇ। ਪਰ ਉਸਦਾ ਲੜਕਾ ਇਸ ਗੱਲ ਤੋਂ ਇਨਕਾਰ ਕਰਦਾ ਆ ਰਿਹਾ ਸੀ। ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਇਹ ਪਤਾ ਵੀ ਲੱਗਾ ਕਿ ਜੋਬਨਜੀਤ ਸਿੰਘ ਅਮਨਦੀਪ ਕੌਰ ਕੋਲ 16 ਅਗਸਤ ਨੂੰ ਫਤਿਆਬਾਦ ਗਿਆ ਸੀ। ਜਿਥੇ ਦੋਵਾਂ ਵਿਚ ਤਕਰਾਰਬਾਜ਼ੀ ਹੋਈ ਤੇ ਜੋਬਨਜੀਤ ਸਿੰਘ ਨੇ ਸਲਫਾਸ ਨਿਗਲ ਲਈ।
ਉਸ ਨੂੰ ਅਮਨਦੀਪ ਕੌਰ ਹਸਪਤਾਲ ਲੈ ਕੇ ਗਈ ਅਤੇ ਰਾਤ ਉਥੇ ਛੱਡ ਕੇ ਚਲੀ ਗਈ। ਜਦੋਂ ਉਹ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਪੁੱਜਾ ਤਾਂ ਪਤਾ ਲੱਗਾ ਕਿ ਉਸਦੇ ਲੜਕੇ ਦੀ ਮੌਤ ਹੋ ਚੁੱਕੀ ਸੀ। ਉਸਨੇ ਕਿਹਾ ਕਿ ਅਮਨਦੀਪ ਕੌਰ ਦੇ ਦਬਾਅ ਕਰਕੇ ਹੀ ਉਸਦੇ ਲੜਕੇ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਹੈ। ਚੌਂਕੀ ਫਤਿਆਬਾਦ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਦੇ ਬਿਆਨਾਂ ’ਤੇ ਅਮਨਦੀਪ ਕੌਰ ਨੂੰ ਨਾਮਜਦ ਕਰ ਲਿਆ ਗਿਆ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਨਾਜਾਇਜ਼ ਸਬੰਧਾਂ ਨੇ ਉਜਾੜਿਆ ਘਰ, ਵਿਧਵਾ ਔਰਤ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
