ਅੰਮ੍ਰਿਤਸਰ: ਅੰਮ੍ਰਿਤਸਰ ‘ਚ ਇਕ ਸੈਲਾਨੀ ਲੜਕੀ ਨੇ ਖੋਹਾਂ ਕਾਰਨ ਆਪਣੀ ਜਾਨ ਗਵਾ ਲਈ ਹੈ। ਅਟਾਰੀ ਸਰਹੱਦ ‘ਤੇ ਰਿਟਰੀਟ ਸਮਾਰੋਹ ਦੇਖ ਕੇ ਵਾਪਸ ਪਰਤ ਰਹੀ ਲੜਕੀ ਨੂੰ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਲੁਟੇਰਿਆਂ ਨੇ ਲੜਕੀ ਦੇ ਹੱਥ ‘ਚ ਫੜਿਆ ਪਰਸ ਖੋਹਿਆ ਤਾਂ ਲੜਕੀ ਆਟੋ ‘ਚੋਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਘਰਿੰਡਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੰਗਾ (28) ਜੋ ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਅਟਾਰੀ ਸਰਹੱਦ ਤੋਂ ਰਿਟਰੀਟ ਸਮਾਰੋਹ ਦੇਖ ਕੇ ਆਟੋ ਰਾਹੀਂ ਵਾਪਸ ਆ ਰਹੀ ਸੀ, ਜਦੋਂ ਉਹ ਪਿੰਡ ਦੋਧੀਵਿੰਡ ਨਜ਼ਦੀਕ ਪੈਂਦੇ ਪਿੰਡ ਘੜੂੰਆਂ ਦੇ ਪੁਲ ਨੇੜੇ ਪੁੱਜੀ ਤਾਂ ਬਾਈਕ ਸਵਾਰ ਲੁਟੇਰਿਆਂ ਨੇ ਆਟੋ ‘ਚੋਂ ਉਸ ਦਾ ਬੈਗ ਖੋਹ ਲਿਆ। ਡਿੱਗਣ ਕਾਰਨ ਸਿਰ ‘ਤੇ ਗੰਭੀਰ ਸੱਟ ਲੱਗ ਗਈ। ਗੰਗਾ ਨੂੰ ਜ਼ਖ਼ਮੀ ਹਾਲਤ ਵਿੱਚ ਖਾਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਅਮਨਦੀਪ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗੰਗਾ ਦੀ ਮੌਤ ਹੋ ਗਈ। ਮ੍ਰਿਤਕ ਗੰਗਾ ਸਿੱਕਮ ਦੇ ਗੰਗਟੋਕ ਦੀ ਰਹਿਣ ਵਾਲੀ ਹੈ, ਪਰ ਕਾਨੂੰਨ ਦੀ ਪੜ੍ਹਾਈ ਕਰਨ ਲਈ ਦਿੱਲੀ ਗਈ ਸੀ। ਉਹ ਆਗਰਾ ਦੇ ਰਹਿਣ ਵਾਲੇ ਆਪਣੇ ਜਮਾਤੀ ਅਤੁਲ ਕੁਮਾਰ ਨਾਲ ਸਰਹੱਦ ‘ਤੇ ਮਿਲਣ ਆਈ ਸੀ। ਪੁਲਿਸ ਥਾਣਾ ਘਰਿੰਡਾ ਨੇ ਅਤੁਲ ਕੁਮਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬਾਈਕ ਸਵਾਰਾਂ ਨੇ ਰਿਟਰੀਟ ਸੈਰੇਮਨੀ ਦੇਖ ਕੇ ਵਾਪਸ ਆ ਰਹੀ ਸੈਲਾਨੀ ਲੜਕੀ ਦਾ ਖੋਹਿਆ ਪਰਸ, ਆਟੋ ਤੋਂ ਡਿੱਗ ਕੇ ਹੋਈ ਮੌ+ਤ
