ਵੈੱਬ ਡੈਸਕ: Dell ਟੈਕਨਾਲੋਜੀਜ਼ ਇੰਕ., ਜੋ ਕਿ ਨਿੱਜੀ ਕੰਪਿਊਟਰਾਂ ਦੀ ਮੰਗ ਦੀ ਕਮੀ ਨਾਲ ਜੂਝ ਰਹੀ ਹੈ, ਲਗਪਗ 6,650 ਨੌਕਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਸ ਤਰ੍ਹਾਂ Dell ਟੈਕਨਾਲੋਜੀ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕਰਨ ਵਾਲੀ ਇਕ ਹੋਰ ਆਈਟੀ ਕੰਪਨੀ ਬਣ ਗਈ ਹੈ। ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, Dell ਦੇ ਸਹਿ-ਮੁੱਖ ਸੰਚਾਲਨ ਅਧਿਕਾਰੀ ਜੈਫ ਕਲਾਰਕ ਨੇ ਇੱਕ ਮੀਮੋ ‘ਚ ਲਿਖਿਆ ਹੈ ਕਿ ਕੰਪਨੀ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਭਵਿੱਖ ਅਨਿਸ਼ਚਿਤ ਲੱਗ ਰਿਹਾ ਹੈ। ਕੰਪਨੀ ਦੇ ਬੁਲਾਰੇ ਮੁਤਾਬਕ ਇਹ Dell ਦੇ ਕੁੱਲ ਵਿਸ਼ਵੀ ਕਰਮਚਾਰੀਆਂ ਦੇ ਲਗਪਗ 5 ਫੀਸਦੀ ਦੇ ਬਰਾਬਰ ਹੈ।
ਨਿੱਜੀ ਕੰਪਿਊਟਰਾਂ ਦੀ ਮੰਗ ਵਿੱਚ ਭਾਰੀ ਗਿਰਾਵਟ
ਮਹਾਮਾਰੀ ਦੌਰਾਨ ਪੀਸੀ ਬੂਮ ਤੋਂ ਬਾਅਦ Dell ਅਤੇ ਹੋਰ ਹਾਰਡਵੇਅਰ ਨਿਰਮਾਤਾਵਾਂ ਦੀ ਬਹੁਤ ਜ਼ਿਆਦਾ ਮੰਗ ਸੀ। ਉਦਯੋਗ ਵਿਸ਼ਲੇਸ਼ਕ IDC (IDC) ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2022 ਦੀ ਚੌਥੀ ਤਿਮਾਹੀ ਵਿੱਚ ਨਿੱਜੀ ਕੰਪਿਊਟਰ ਸ਼ਿਪਮੈਂਟ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। IDC ਦੇ ਅਨੁਸਾਰ, ਜਦੋਂ ਵੱਡੀਆਂ ਕੰਪਨੀਆਂ ਦੀ ਗੱਲ ਆਉਂਦੀ ਹੈ, ਤਾਂ ਡੈਲ ਦੇ ਸ਼ਿਪਮੈਂਟ ਵਿੱਚ 2021 ਦੀ ਇਸੇ ਮਿਆਦ ਦੇ ਮੁਕਾਬਲੇ 37 ਪ੍ਰਤੀਸ਼ਤ ਦੀ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਸੀ। ਡੈਲ ਦੇ ਕੁੱਲ ਮਾਲੀਏ ਦਾ ਲਗਪਗ 55 ਪ੍ਰਤੀਸ਼ਤ PCs ਦਾ ਹੈ।