ਵੈੱਬ ਡੈਸਕ: ਜਿੱਥੋਂ ਤੱਕ ਦਿਖਦਾ ਹੈ, ਉੱਥੇ ਤਬਾਹੀ ਦੀ ਤਸਵੀਰ ਹੀ ਨਜ਼ਰ ਆਉਂਦੀ ਹੈ। ਹਰ ਪਾਸੇ ਲਾ+ਸ਼ਾਂ ਪਈਆਂ ਹਨ, ਹਰ ਪਾਸੇ ਹੰਝੂ ਵਹਿ ਰਹੇ ਹਨ। ਤੁਰਕੀ ਅਤੇ ਸੀਰੀਆ ਦੀ ਭੂਚਾਲ ਦੀ ਤਸਵੀਰ ਬਿਲਕੁਲ ਇੱਕੋ ਜਿਹੀ ਹੈ। ਤੁਰਕੀ ਅਤੇ ਸੀਰੀਆ ਇਕ ਵਾਰ ਫਿਰ ਇਸ ਤਬਾਹੀ ਨਾਲ ਹਿੱਲ ਗਏ ਹਨ। ਪਿਛਲੇ 24 ਘੰਟਿਆਂ ‘ਚ ਦੋ ਦੇਸ਼ਾਂ ‘ਚ 3 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਤੀਜੇ ਭੂਚਾਲ ਦੀ ਤੀਬਰਤਾ 7 ਤੋਂ ਵੱਧ ਦੱਸੀ ਗਈ ਹੈ। ਤੁਰਕੀ ਦੇ ਨਾਲ-ਨਾਲ ਸੀਰੀਆ ਵੀ ਭੂਚਾਲ ਨਾਲ ਤਬਾਹ ਹੋ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਦੋਵਾਂ ਦੇਸ਼ਾਂ ਵਿੱਚ ਭੂਚਾਲ ਕਾਰਨ 3616 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਭਾਰਤ ਨੇ ਭੂਚਾਲ ਪ੍ਰਭਾਵਿਤ ਦੋਹਾਂ ਦੇਸ਼ਾਂ ਦੀ ਮਦਦ ਲਈ ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਤੁਰਕੀ ਭੇਜੀ ਹੈ। ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਭਾਰਤ ਤੋਂ ਤੁਰਕੀ ਨੂੰ NDRF ਖੋਜ ਅਤੇ ਬਚਾਅ ਟੀਮਾਂ, ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ, ਮੈਡੀਕਲ ਸਪਲਾਈ, ਡਰਿਲਿੰਗ ਮਸ਼ੀਨਾਂ ਅਤੇ ਹੋਰ ਜ਼ਰੂਰੀ ਉਪਕਰਣਾਂ ਦੇ ਨਾਲ ਭੇਜੀ ਗਈ ਸੀ।
ਤੁਰਕੀ ਵਿੱਚ ਕਰੀਬ 2316 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਰੀਆ ‘ਚ ਘੱਟੋ-ਘੱਟ 1,300 ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ ਕਈ ਘਰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ। ਕਈ ਮਲਬੇ ਹੇਠਾਂ ਦੱਬੇ ਹੋਏ ਹਨ। ਮੌਤ ਤੋਂ ਇਲਾਵਾ ਕਈ ਜ਼ਖਮੀ ਹੋ ਗਏ।
ਭੂਚਾਲ ਦਾ ਪਹਿਲਾ ਝਟਕਾ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 4.17 ਵਜੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਕਿਹਾ ਕਿ ਭੂਚਾਲ ਦਾ ਸਰੋਤ ਪੂਰਬੀ ਤੁਰਕੀ ਦੇ ਗਾਜ਼ੀਅਨਟੇਪ ਸੂਬੇ ਦੇ ਨੂਰਦਾਗੀ ਸ਼ਹਿਰ ਤੋਂ 26 ਕਿਲੋਮੀਟਰ ਪੂਰਬ ਵਿਚ ਲਗਭਗ 24.1 ਕਿਲੋਮੀਟਰ ਭੂਮੀਗਤ ਸੀ। ਤੁਰਕੀ ‘ਚ ਕਰੀਬ 9 ਘੰਟੇ ਬਾਅਦ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਸ ਸਮੇਂ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.5 ਸੀ।
ਤੁਰਕੀ ਦਾ ਭਾਰਤ ਬਣਿਆ ਹਮਦਰਦ, ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ, ਦੇਖੋ ਵੀਡੀਓ
