20 ਫ਼ਰਵਰੀ 2023 (ਲਾਈਵ ਪੰਜਾਬੀ ਬਿਊਰੋ):- ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਆਪਣੇ ਪੰਜਾਬ ਦੌਰੇ ‘ਤੇ ਹਨ। ਸੋਮਵਾਰ ਨੂੰ ਜਲੰਧਰ ਪਹੁੰਚੇ ਸ਼ੇਖਾਵਤ ਨੇ ਪੰਜਾਬ ਦੀ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ ਹੈ। ਸ਼ੇਖਾਵਤ ਦੀ ਮੌਜੂਦਗੀ ‘ਚ ਤਿੰਨੋਂ ਪਾਰਟੀਆਂ ਦੇ ਕਈ ਨੇਤਾ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਇਸ ਦੌਰਾਨ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਲੰਧਰ ਦੀ ਲੋਕ ਸਭਾ ਸੀਟ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਹੈ। ਕੇਂਦਰ ਨੇ ਇੱਥੇ 6 ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣੀਆਂ ਹਨ। ਅਜਿਹੇ ਵਿੱਚ ਤਿੰਨੋਂ ਪਾਰਟੀਆਂ ਦੇ ਆਗੂਆਂ ਦਾ ਸਮਰਥਨ ਛੱਡਣਾ ਕਾਂਗਰਸ ਨੂੰ ਡੂੰਘਾ ਨੁਕਸਾਨ ਪਹੁੰਚਾ ਸਕਦਾ ਹੈ। ਸੋਮਵਾਰ ਦੇ ਪ੍ਰੋਗਰਾਮ ਦੌਰਾਨ ਸੇਠ ਸਤਪਾਲ ਮੱਲ, ਅਨਿਲ ਮੀਨੀਆ, ਰਾਜੀਵ ਦੁੱਗਲ, ਸ਼ਿਵ ਦਿਆਲ ਮਾਲੀ, ਕਾਂਗਰਸੀ ਆਗੂ ਮੇਜਰ ਸਿੰਘ ਅਤੇ ਮਨੋਜ ਅਗਰਵਾਲ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਨੌਜਵਾਨਾਂ ਦੇ ਵਲੋਂ ਵੀ ਭਾਜਪਾ ਦਾ ਹੱਥ ਫੜਿਆ ਗਿਆ। ਨੌਜਵਾਨ ਆਗੂ ਚਿਰਾਗ ਡਾਵਰ ਅਤੇ ਕੁਲਵਿੰਦਰ ਸਿੰਘ ਵੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ।
ਇਨ੍ਹਾਂ ਆਗੂਆਂ ਦੀ ਬਗਾਵਤ ਤੋਂ ਬਾਅਦ ਇਸ ਦਾ ਅਸਰ ਤਿੰਨੋਂ ਪਾਰਟੀਆਂ ‘ਤੇ ਪੈ ਰਿਹਾ ਹੈ। ਸੇਠ ਸਤਪਾਲ ਕਰਤਾਰਪੁਰ ਤੋਂ ਮਾਲ ਅਕਾਲੀ ਦਲ ਦੀ ਸੀਟ ‘ਤੇ ਚੋਣ ਲੜ ਚੁੱਕੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਸ਼ਿਵ ਦਿਆਲ ਮਾਲੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਮੇਜਰ ਸਿੰਘ ਕਾਂਗਰਸ ਸਰਕਾਰ ‘ਚ ਕੌਂਸਲਰ ਰਹਿ ਚੁੱਕੇ ਹਨ ਜਦਕਿ ਅਨਿਲ ਮੀਨੀਆ ਬਸਪਾ ਦੀ ਟਿਕਟ ‘ਤੇ ਜਲੰਧਰ ਪੱਛਮੀ ਤੋਂ ਚੋਣ ਲੜ ਚੁੱਕੇ ਹਨ।