ਸਪੋਰਸ ਡੈਸਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਓਮਾਨ ‘ਚ ਜੂਨੀਅਰ ਏਸ਼ੀਆ ਕੱਪ ਦੇ ਆਪਣੇ ਦੂਜੇ ਪੂਲ ਏ ਮੈਚ ‘ਚ ਜਾਪਾਨ ਨੂੰ 3-1 ਨਾਲ ਹਰਾ ਕੇ ਇਕ ਗੋਲ ਦੇ ਘਾਟੇ ਤੋਂ ਵਾਪਸੀ ਕੀਤੀ। ਭਾਰਤ ਲਈ ਅਰਿਜੀਤ ਸਿੰਘ ਹੁੰਦਲ (36), ਸ਼ਰਧਾਨੰਦ ਤਿਵਾਰੀ (39) ਅਤੇ ਉੱਤਮ ਸਿੰਘ (56) ਨੇ ਗੋਲ ਕੀਤੇ। ਇਸ ਦੇ ਨਾਲ ਹੀ ਜਾਪਾਨ ਲਈ ਕੁਨਪੇਈ ਯਾਸੁਦਾ (19ਵੇਂ) ਨੇ ਗੋਲ ਕੀਤਾ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਭਾਰਤੀ ਖਿਡਾਰੀਆਂ ਨੇ ਪਹਿਲੇ ਹੀ ਮਿੰਟ ਤੋਂ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਜਾਪਾਨ ਨੂੰ ਪਹਿਲੀ ਸਫਲਤਾ ਮਿਲੀ। ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਜਾਪਾਨ ਲਈ ਯਾਸੁਦਾ ਨੇ ਦੂਜੇ ਕੁਆਰਟਰ ਵਿੱਚ ਗੋਲ ਕੀਤਾ। ਹਾਫ ਟਾਈਮ ਤੋਂ ਬਾਅਦ ਜਾਪਾਨ ਨੇ ਸ਼ੁਰੂਆਤ ‘ਚ ਹਮਲਾਵਰ ਖੇਡ ਖੇਡੀ ਪਰ ਭਾਰਤ ਨੇ ਵਾਪਸੀ ਕਰਦੇ ਹੋਏ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਭਾਰਤ ਨੂੰ ਲਗਾਤਾਰ ਪੈਨਲਟੀ ਕਾਰਨਰ ਮਿਲੇ ਜਿਸ ‘ਤੇ ਸ਼ਰਧਾਨੰਦ ਨੇ ਲੀਡ ਦਿਵਾਈ। ਆਖਰੀ ਕੁਆਰਟਰ ਵਿੱਚ ਉੱਤਮ ਸਿੰਘ ਨੇ ਪੈਨਲਟੀ ’ਤੇ ਗੋਲ ਕਰਕੇ ਲੀਡ ਨੂੰ ਦੋ ਗੋਲਾਂ ਤੱਕ ਵਧਾ ਦਿੱਤਾ। ਭਾਰਤ ਦਾ ਸਾਹਮਣਾ 27 ਮਈ ਨੂੰ ਪਾਕਿਸਤਾਨ ਅਤੇ 28 ਮਈ ਨੂੰ ਥਾਈਲੈਂਡ ਨਾਲ ਹੋਵੇਗਾ।
