ਸਟੇਟ ਡੈਸਕ: ਪੰਜਾਬ ਵਿਜੀਲੈਂਸ ਬਿਊਰੋ ਨੇ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ‘ਚ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ/ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਪੰਜਾਬ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਦੇਣਾ ਪਵੇਗਾ। ਇਹ ਕਾਰਵਾਈ ਜਲੰਧਰ ਵਿਖੇ ਉਸਾਰੀ ਗਈ ਜੰਗੇ ਅਜ਼ਾਦੀ ਯਾਦਗਾਰ ਦੇ ਫੰਡਾਂ ਬਾਰੇ ਚੱਲ ਰਹੀ ਜਾਂਚ ਸਬੰਧੀ ਕੀਤੀ ਗਈ ਹੈ। ਉਨ੍ਹਾਂ ਨੂੰ ਉਥੇ ਖਰਚ ਕੀਤੇ ਗਏ ਪੈਸੇ ਦਾ ਹਿਸਾਬ ਦੇਣ ਲਈ ਕਿਹਾ ਗਿਆ ਹੈ। ਵਿਜੀਲੈਂਸ ਵੱਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਮੀਡੀਆ ਦਾ ਚੌਥਾ ਥੰਮ੍ਹ ਹੋਵੇ ਜਾਂ ਕਿਸੇ ਵੀ ਪਾਰਟੀ ਦਾ ਆਗੂ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਭਗਵੰਤ ਮਾਨ ਤੇ ਉਸ ਦੀ ਆਪ ਸਰਕਾਰ ਪੰਥ ਤੇ ਪੰਜਾਬ ਦੀ ਆਵਾਜ਼ ‘ਅਜੀਤ’ ਤੇ ਪਦਮ ਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਜੀ ਵਿਰੁੱਧ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਇਹ ਸਪੱਸ਼ਟ ਤੌਰ ‘ਤੇ ਪ੍ਰੈਸ ਦੀ ਆਜ਼ਾਦੀ ਬਾਰੇ ਹਮਦਰਦ ਸਾਬ੍ਹ ਦੀ ਸੋਚ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਗੈਰ ਪੰਜਾਬੀਆਂ ਦੁਆਰਾ ਚਲਾਈ ਜਾ ਰਹੀ ਇਹ ਸਰਕਾਰ ਪੰਜਾਬ ਦੇ ਜ਼ਮੀਰ ਦੀ ਆਵਾਜ਼ ਨੂੰ ਕਦੇ ਵੀ ਦਬਾ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਇਸ ਹੰਕਾਰ ਦੇ ਖਿਲਾਫ ਡਾ. ਬਰਜਿੰਦਰ ਸਿੰਘ ਜੀ ਹਮਦਰਦ ਤੇ ਅਦਾਰਾ ਅਜੀਤ ਦੇ ਨਾਲ ਖੜਾ ਹੈ।
