ਵਿਦੇਸ਼ ਡੈਸਕ: ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ‘ਤੇ ਹਨ। ਇੱਥੇ ਉਹ ਵੱਖ-ਵੱਖ ਪ੍ਰੋਗਰਾਮਾਂ ‘ਚ ਜਾ ਕੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕਰ ਰਹੇ ਹਨ। ਹੁਣ ਰਾਹੁਲ ਨੇ ਮੁਸਲਿਮ ਲੀਗ ਨੂੰ ਧਰਮ ਨਿਰਪੱਖ ਪਾਰਟੀ ਕਿਹਾ ਹੈ। ਇਸ ਨੂੰ ਲੈ ਕੇ ਭਾਜਪਾ ਨੇ ਰਾਹੁਲ ‘ਤੇ ਜਵਾਬੀ ਹਮਲਾ ਕੀਤਾ ਹੈ। ਭਾਜਪਾ ਆਗੂ ਅਮਿਤ ਮਾਲਵੀਆ ਨੇ ਕਿਹਾ ਕਿ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਮੁਸਲਿਮ ਲੀਗ ਪਾਰਟੀ ਰਾਹੁਲ ਗਾਂਧੀ ਮੁਤਾਬਕ ਧਰਮ ਨਿਰਪੱਖ ਪਾਰਟੀ ਹੈ। ਮਾਲਵੀਆ ਨੇ ਕਿਹਾ ਕਿ ਵਾਇਨਾਡ ਵਿੱਚ ਸਵੀਕਾਰਤਾ ਬਣਾਈ ਰੱਖਣ ਲਈ ਇਹ ਉਨ੍ਹਾਂ ਦੀ ਮਜਬੂਰੀ ਹੈ।
ਅੱਜ ਰਾਹੁਲ ਗਾਂਧੀ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪ੍ਰੈਸ ਕਲੱਬ ਪਹੁੰਚੇ। ਇੱਥੇ ਉਨ੍ਹਾਂ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਦੌਰਾਨ ਜਦੋਂ ਰਾਹੁਲ ਤੋਂ ਕੇਰਲ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਨਾਲ ਕਾਂਗਰਸ ਦੇ ਗਠਜੋੜ ਬਾਰੇ ਪੁੱਛਿਆ ਗਿਆ ਤਾਂ ਰਾਹੁਲ ਨੇ ਕਿਹਾ, ਮੁਸਲਿਮ ਲੀਗ ਪੂਰੀ ਤਰ੍ਹਾਂ ਧਰਮ ਨਿਰਪੱਖ ਪਾਰਟੀ ਹੈ। ਇਸ ਵਿੱਚ ਕੁਝ ਵੀ ਗੈਰ-ਸੈਕੂਲਰ ਨਹੀਂ ਹੈ। ਦਰਅਸਲ, ਇੰਡੀਅਨ ਯੂਨੀਅਨ ਮੁਸਲਿਮ ਲੀਗ ਕੇਰਲ ਵਿੱਚ ਕਾਂਗਰਸ ਗਠਜੋੜ ਦਾ ਹਿੱਸਾ ਹੈ।
