ਸਪੋਰਟਸ ਡੈਸਕ: ਚੀਨ ਦੇ ਹਾਂਗਜ਼ੂ ‘ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ ‘ਚ ਪਹਿਲੀ ਵਾਰ ਕ੍ਰਿਕਟ ‘ਚ ਪ੍ਰਵੇਸ਼ ਕਰਨ ਵਾਲੀ ਪੁਰਸ਼ ਟੀਮ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਏਸ਼ੀਅਨ ਖੇਡਾਂ ‘ਚ ਭਾਰਤ ਨੇ ਨੇਪਾਲ ਨੂੰ 23 ਦੌੜਾਂ ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਕੁਆਰਟਰ ਫਾਈਨਲ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 202 ਦੌੜਾਂ ਬਣਾਈਆਂ। ਯਸ਼ਸਵੀ ਜੈਸਵਾਲ ਨੇ ਸਭ ਤੋਂ ਵੱਧ 100 ਦੌੜਾਂ ਦਾ ਯੋਗਦਾਨ ਪਾਇਆ। ਰਿੰਕੂ ਸਿੰਘ ਨੇ 37, ਰਿਤੁਰਾਜ ਅਤੇ ਸ਼ਿਵਮ ਦੂਬੇ ਨੇ 25-25 ਦੌੜਾਂ ਬਣਾਈਆਂ। ਨੇਪਾਲ ਲਈ ਦੀਪੇਂਦਰ ਸਿੰਘ ਨੇ ਦੋ ਵਿਕਟਾਂ ਲਈਆਂ। ਸੋਮਪਾਲ ਕਾਮੀ ਅਤੇ ਲਾਮਿਛਾਨੇ ਨੂੰ ਇਕ-ਇਕ ਵਿਕਟ ਮਿਲੀ। ਜਵਾਬ ਵਿੱਚ ਨੇਪਾਲ ਦੀ ਟੀਮ ਨੌਂ ਵਿਕਟਾਂ ਗੁਆ ਕੇ 179 ਦੌੜਾਂ ਹੀ ਬਣਾ ਸਕੀ। ਦੀਪੇਂਦਰ ਸਿੰਘ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਸੰਦੀਪ ਜੌੜਾ ਅਤੇ ਕੁਸ਼ਲ ਮੱਲਾ ਨੇ 29 ਦੌੜਾਂ, ਕੁਸ਼ਲ ਭੁਰਤੇਲ ਨੇ 28 ਦੌੜਾਂ ਅਤੇ ਕਰਨ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਇਸ ਕਾਰਨ ਨੇਪਾਲ ਦੀ ਟੀਮ ਭਾਰਤ ਨੂੰ ਮੁਕਾਬਲਾ ਦੇਣ ਵਿੱਚ ਸਫਲ ਰਹੀ। ਭਾਰਤ ਲਈ ਰਵੀ ਬਿਸ਼ਨੋਈ ਅਤੇ ਅਵੇਸ਼ ਖਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਅਰਸ਼ਦੀਪ ਨੇ ਦੋ ਅਤੇ ਆਰ ਸਾਈ ਕਿਸ਼ੋਰ ਨੇ ਇੱਕ ਵਿਕਟ ਹਾਸਲ ਕੀਤੀ।
