ਵਿਦੇਸ਼ ਡੈਸਕ: ਦੋ ਨੌਰਥਵੈਸਟ ਟੋਰਾਂਟੋ ਅਪਾਰਟਮੈਂਟ ਬਿਲਡਿੰਗਾਂ ਦੇ 100 ਤੋਂ ਵੱਧ ਕਿਰਾਏਦਾਰ ਹੜਤਾਲ ਉੱਤੇ ਚਲੇ ਗਏ। ਇਹ ਕਿਰਾਏਦਾਰ ਵੀ ਉਨ੍ਹਾਂ 500 ਰੈਜ਼ੀਡੈਂਟਸ ਦੇ ਨਾਲ ਜਾ ਰਲੇ ਹਨ, ਜਿਹੜੇ ਗਰਮੀਆਂ ਦੀ ਸ਼ੁਰੂਆਤ ਤੋਂ ਹੀ ਕਿਰਾਇਆ ਰੋਕੀ ਬੈਠੇ ਹਨ। 1440 ਤੇ 1442 ਲਾਅਰੈਂਸ ਐਵਨਿਊ ਵੈਸਟ ਉੱਤੇ ਰਹਿਣ ਵਾਲੇ ਕਿਰਾਏਦਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੈਂਡਲੌਰਡ, ਬਾਰਨੇ ਰਿਵਰ ਇਨਵੈਸਟਮੈਂਟਸ ਨੇ ਇਸ ਬਿਲਡਿੰਗ ਵਿੱਚ ਮੁਰੰਮਤ ਦੇ ਕੰਮ ਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਨ੍ਹਾਂ ਕਿਰਾਏਦਾਰਾਂ ਦਾ ਇਹ ਦੋਸ਼ ਵੀ ਹੈ ਕਿ ਉਨ੍ਹਾਂ ਦਾ ਲੈਂਡਲੌਰਡ ਗਾਈਡਲਾਈਨਜ਼ ਤੋਂ ਵੱਧ ਕਿਰਾਇਆ ਲੈਣਾ ਚਾਹੁੰਦਾ ਹੈ। ਇਸ ਲਈ ਇਨ੍ਹਾਂ ਦੋ ਬਿਲਡਿੰਗਾਂ ਦੇ ਕਿਰਾਏਦਾਰ ਹੜਤਾਲ ਉੱਤੇ ਚਲੇ ਗਏ।
ਪਿੱਛੇ ਜਿਹੇ ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਨੇ ਡਰੀਮ ਅਨਲਿਮਟਿਡ ਤੇ ਕਿਰਾਏਦਾਰਾਂ ਨੂੰ ਇਸ ਹਾਲਾਤ ਵਿੱਚ ਵਿਚੋਲਗੀ ਕਰਨ ਦਾ ਸੱਦਾ ਦਿੱਤਾ ਸੀ। ਕਿਰਾਏਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੈਂਡਲੌਰਡ ਇਸ ਪ੍ਰਕਿਰਿਆ ਲਈ ਤਿਆਰ ਨਹੀਂ ਹੈ ਤੇ ਇਸ ਦੀ ਥਾਂ ਉਸ ਨੇ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ।
