ਵਿਦੇਸ਼ ਡੈਸਕ: ਲਿਬਰਲ ਪਾਰਟੀ ਦੇ ਸੰਸਦ ਮੈਂਬਰ ਗ੍ਰੈਗ ਫਰਗਸ ਹਾਊਸ ਆਫ਼ ਕਾਮਨਜ਼ ਦਾ ਨਵਾਂ ਸਪੀਕਰ ਚੁਣਿਆ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਪਹਿਲੀ ਚੁਣੌਤੀ ਸੰਸਦ ਨੂੰ ਯਾਰੋਸਲਾਵ ਹੰਕਾ ਦੀ ਘਟਨਾ ਮਗਰੋਂ ਅੱਗੇ ਵਧਣ ’ਚ ਮਦਦ ਕਰਨ ਦੀ ਹੋਵੇਗੀ। ਫਰਗਸ, ਜੋ ਕਿ ਓਟਾਵਾ ਦੇ ਨੇੜੇ ਕਿਊਬੈਕ ਦੀ ਹਲ-ਆਈਲਮਰ ਰਾਈਡਿੰਗ ਤੋਂ ਸੰਸਦ ਮੈਂਬਰ ਹਨ, ਕਾਮਨਜ਼ ਦਾ ਪਹਿਲਾ ਬਲੈਕ ਸਪੀਕਰ ਹੈ। ਉਸਨੂੰ ਉਸਦੇ ਸਾਥੀਆਂ ਦੁਆਰਾ ਇੱਕ ਗੁਪਤ ਰੈਂਕਿੰਗ-ਬੈਲਟ ਵੋਟ ਰਾਹੀਂ ਚੁਣਿਆ ਗਿਆ ਸੀ। ਆਪਣੀ ਉਮੀਦਵਾਰੀ ਦੀ ਦਲੀਲ ਦੌਰਾਨ ਫ਼ਰਗਸ ਨੇ ਹਾਊਸ ਵਿਚ ਸ਼ਾਲੀਨਤਾ ਅਤੇ ਸਲੀਕੇ ਵਿਚ ਸੁਧਾਰ ਕਰਨ ਦਾ ਅਹਿਦ ਕੀਤਾ ਸੀ। ਹਾਲਾਂਕਿ ਪਿਛਲੇ ਕਈ ਸਪੀਕਰ ਅਜਿਹੇ ਅਹਿਦ ਕਰ ਚੁੱਕੇ ਹਨ ਪਰ ਕੋਈ ਵੀ ਇਸ ਵਿਚ ਬਹੁਤਾ ਸਫਲ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਨਾਜ਼ੀ ਯੂਨਿਟ ’ਚ ਤਾਇਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ’ਚ ਰੱਖੇ ਗਏ ਸੰਸਦੀ ਸਮਾਗਮ ’ਚ ਬੁਲਾਉਣ ‘ਤੇ ਛਿੜੇ ਵਿਵਾਦ ਤੋਂ ਬਾਅਦ ਰੋਟਾ ਨੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
