ਵਿਦੇਸ਼ ਡੈਸਕ: ਵੈਨਕੂਵਰ ਦੇ ਕੇਰਿਸਡੇਲ ਇਲਾਕੇ ’ਚ ਲੱਗੀ ਭਿਆਨਕ ਅੱਗ ਕਾਰਨ ਚਾਰ ਕਾਰੋਬਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਉੱਥੇ ਹੀ ਇਸ ਹਾਦਸੇ ’ਚ ਦੋ ਫਾਇਰ ਫਾਈਟਰ ਜ਼ਖ਼ਮੀ ਹੋ ਗਏ, ਜਦਕਿ ਕੁਝ ਵਸਨੀਕ ਬੇਘਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬੀਤੀ ਰਾਤੀਂ ਕਰੀਬ 10 ਵਜੇ ਤੋਂ ਬਾਅਦ ਪੂਰਬੀ ਪੂਰਬੀ ਬੁਲੇਵਾਰਡ ਨੇੜੇ ਵੈਸਟ 41ਵੇਂ ਐਵੇਨਿਊ ਦੇ 2000-ਬਲਾਕ ’ਚ ਲੱਗੀ।
ਵੈਨਕੂਵਰ ਫਾਇਰ ਐਂਡ ਰੈਸਕਿਊ ਦੇ ਅਸਿਸਟੈਂਟ ਚੀਫ਼ ਕੀਥ ਸਟੀਵਰਟ ਨੇ ਕਿਹਾ ਕਿ ਅੱਗ ਕਾਫ਼ੀ ਭਿਆਨਕ ਸੀ ਅਤੇ ਇਸ ’ਤੇ ਕਾਬੂ ਪਾਉਣ ਲਈ ਚਾਰ ਦਰਜਨ ਤੋਂ ਵੱਧ ਫਾਇਰ ਫਾਈਟਰਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਪੰਜ ਕਾਰੋਬਾਰ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ ਚਾਰ ਤਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ। ਸਟੀਵਰਟ ਮੁਤਾਬਕ ਅੱਗ ਨੇ ਇਮਾਰਤ ਦੀ ਦੂਜੀ ਮੰਜ਼ਲ ’ਤੇ ਚਾਰ ਰਿਹਾਇਸ਼ੀ ਇਕਾਈਆਂ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤਾਂ ’ਚੋਂ ਦੋ ਯੂਨਿਟਾਂ ਦੇ ਵਸਨੀਕਾਂ ਨੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਕੋਲ ਰਹਿਣ ਲਈ ਥਾਂ ਲੱਭ ਲਈ, ਜਦਕਿ ਦੋ ਹੋਰਨਾਂ ਯੂਨਿਟਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਸਹਾਇਤਾ ਸੇਵਾਵਾਂ ਦੇ ਵਲੋਂ ਅਸਥਾਈ ਰਿਹਾਇਸ਼ ਲੱਭਣ ਲਈ ਮਦਦ ਕੀਤੀ ਗਈ।
