ਨੈਸ਼ਨਲ ਡੈਸਕ: ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਚੌਥੀ ਵਾਰ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰਬੀਆਈ ਦੇ ਇਸ ਫੈਸਲੇ ਨਾਲ ਘਰ, ਕਾਰ ਆਦਿ ਸਮੇਤ ਹਰ ਤਰ੍ਹਾਂ ਦੇ ਲੋਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਕਿ ਇਸ ਵਾਰ ਵੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਰੈਪੋ ਦਰ 6.5 ਫੀਸਦੀ ‘ਤੇ ਹੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਕਈ ਮਾਹਰਾਂ ਨੇ ਉਮੀਦ ਜਤਾਈ ਸੀ ਕਿ ਮਹਿੰਗਾਈ ਅਤੇ ਹੋਰ ਗਲੋਬਲ ਕਾਰਕਾਂ ਦੇ ਕਾਰਨ ਰੈਪੋ ਰੇਟ ਨੂੰ ਸਥਿਰ ਰੱਖਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਅਗਸਤ ਵਿੱਚ ਪ੍ਰਚੂਨ ਮਹਿੰਗਾਈ ਦਰ 6.83% ਸੀ। ਇਹ ਮਹਿੰਗਾਈ ਦਰ ਨੂੰ 2 ਤੋਂ 6 ਫੀਸਦੀ ਦੇ ਦਾਇਰੇ ‘ਚ ਰੱਖਣ ਦੇ ਆਰਬੀਆਈ ਦੇ ਟੀਚੇ ਤੋਂ ਬਾਹਰ ਹੈ। ਗੌਰਤਲਬ ਹੈ ਕਿ ਰਿਜ਼ਰਵ ਬੈਂਕ ਨੇ ਪਿਛਲੇ ਸਾਲ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਬਦਲੇ ਹਾਲਾਤਾਂ ‘ਚ ਮਈ 2022 ‘ਚ ਰੈਪੋ ਰੇਟ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਨੀਤੀਗਤ ਵਿਆਜ ਦਰਾਂ ਨੂੰ ਵਧਾਉਣ ਦਾ ਇਹ ਰੁਝਾਨ ਫਰਵਰੀ 2023 ਤੱਕ ਜਾਰੀ ਰਿਹਾ।
