ਨੈਸ਼ਨਲ ਡੈਸਕ: ਸਿੱਕਮ ਵਿੱਚ ਹੜ੍ਹ ਕਾਰਨ ਸੱਤ ਸੈਨਿਕਾਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ। ਗੌਰਤਲਬ ਹੈ ਕਿ ਇਸ ਹੜ੍ਹ ‘ਚ ਭਾਰਤੀ ਫੌਜ ਦੇ 23 ਜਵਾਨ ਵੀ ਲਾਪਤਾ ਹੋ ਗਏ ਸਨ। ਫਿਲਹਾਲ 15 ਜਵਾਨਾਂ ਦੀ ਭਾਲ ਜਾਰੀ ਹੈ। ਇਸ ਦੌਰਾਨ, ਭਾਰਤੀ ਸੈਨਾ ਉੱਤਰੀ ਸਿੱਕਮ ਵਿੱਚ ਫਸੇ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਭੋਜਨ, ਡਾਕਟਰੀ ਸਹਾਇਤਾ ਅਤੇ ਸੰਚਾਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਹੜ੍ਹ ਤੋਂ ਬਾਅਦ ਸੜਕਾਂ ਅਤੇ ਹੋਰ ਥਾਵਾਂ ਗਾਰ ਨਾਲ ਭਰ ਗਈਆਂ ਹਨ। ਇਨ੍ਹਾਂ ਦੀ ਸਫ਼ਾਈ ਦਾ ਕੰਮ ਵੀ ਚੱਲ ਰਿਹਾ ਹੈ। ਜੇਕਰ ਮੌਸਮ ਨੇ ਸਹਿਯੋਗ ਦਿੱਤਾ ਤਾਂ ਫਸੇ ਸੈਲਾਨੀਆਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਗੁਹਾਟੀ ਵਿੱਚ ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਰਾਵਤ ਨੇ ਦੱਸਿਆ ਕਿ ਭਾਰਤੀ ਫੌਜ ਦੇ ਲਾਪਤਾ ਜਵਾਨਾਂ ਦੀ ਭਾਲ ਜਾਰੀ ਹੈ। ਖੋਜ ਦਾ ਫੋਕਸ ਤੀਸਤਾ ਬੈਰਾਜ ਦੇ ਹੇਠਲੇ ਖੇਤਰਾਂ ‘ਤੇ ਹੈ। ਸਿੰਗਟਾਮ ਨੇੜੇ ਬਰਦੰਗ ਵਿੱਚ ਘਟਨਾ ਵਾਲੀ ਥਾਂ ’ਤੇ ਫੌਜ ਦੀਆਂ ਗੱਡੀਆਂ ਪੁੱਟੀਆਂ ਜਾ ਰਹੀਆਂ ਹਨ।
