ਵਿਦੇਸ਼ ਡੈਸਕ: ਮਾਪੇ ਕਿੰਨੇ ਸੁਪਨਿਆਂ ਨਾਲ ਆਪਣੇ ਚਾਵਾਂ ਨਾਲ ਪਾਲੇ ਪੁੱਤਾਂ ਨੂੰ ਵਿਦੇਸ਼ ਭੇਜਦੇ ਹਨ ਪਰ ਉਦੋਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਹੀ ਟੁੱਟ ਜਾਂਦਾ ਹੈ, ਜਦੋਂ ਵਿਦੇਸ਼ ਤੋਂ ਕੋਈ ਮੰਦਭਾਗੀ ਖਬਰ ਆਉਂਦੀ ਹੈ। ਅਜਿਹਾ ਹੀ ਦੁੱਖਾਂ ਦਾ ਪਹਾੜ ਟੁੱਟਿਆ ਸੋਢਲ ਦੇ ਜਲੰਧਰ ਦੇ ਪਰਿਵਾਰ ‘ਤੇ ਜਿਥੇ ਕੈਨੇਡਾ ‘ਚ ਸੜਕ ਹਾਦਸੇ ‘ਚ ਉਨ੍ਹਾਂ ਦੇ 20 ਸਾਲਾ ਮੁੰਡੇ ਰਾਹੁਲ ਹਾਂਡਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਹੁਲ ਹਾਂਡਾ ਵਾਸੀ ਸੋਢਲ ਜੋ ਕਿ ਛੇ ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ, ਦੀ ਬੀਤੀ ਰਾਤ ਕਾਰ ਹਾਦਸੇ ’ਚ ਮੌਤ ਹੋ ਗਈ। ਉਹ ਤਿੰਨ ਦੋਸਤਾਂ ਨਾਲ ਕਾਰ ’ਤੇ ਕਿਧਰੇ ਜਾ ਰਿਹਾ ਸੀ ਕਿ ਰਸਤੇ ’ਚ ਉਨ੍ਹਾਂ ਦੀ ਕਾਰ ਕਿਸੇ ਵਾਹਨ ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਚਾਰੇ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪੁਲਿਸ ਨੇ ਚਾਰਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਰਾਹੁਲ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਾਰ ਦੋਸਤਾਂ ਵਿੱਚੋਂ ਰਾਹੁਲ ਹੀ ਮਰਿਆ ਸੀ। ਬਾਕੀ ਤਿੰਨ ਦੋਸਤ ਗੰਭੀਰ ਜ਼ਖ਼ਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਨੇ ਸਰਕਾਰ ਨੂੰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
